Tuesday, September 25, 2012

ਖ਼ੁਸ਼ਹਾਲ ਸਿੰਘ - ਆਰਸੀ 'ਤੇ ਖ਼ੁਸ਼ਆਮਦੇਦ




                                        ( Art By: Cehke )
ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਖ਼ੁਸ਼ਹਾਲ ਸਿੰਘ
ਅਜੋਕਾ ਨਿਵਾਸ: ਨਿਊਜ਼ੀਲੈਂਡ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ

======
ਸੂਈਆਂ
ਨਜ਼ਮ         
ਵਕ਼ਤ ਨੂੰ ਰੋਕਣਾ
ਕੋਈ ਵੱਡੀ ਗੱਲ ਨਹੀਂ ਹੁੰਦੀ ..
ਵਕ਼ਤ ਤਾਂ ਅਸੀਂ ਗੁੱਟ ਤੇ ਬੰਨ੍ਹ ਕੇ ਘੁੰਮਦੇ ਹਾਂ...

ਦੁਨੀਆਂਦਾਰੀ ਨੂੰ
ਭੁਲੇਖਿਆਂ ਚ ਪਾ
ਕਿੰਨੇ ਵਰ੍ਹੇ ਅਸੀਂ
ਵਕ਼ਤ ਰੋਕ ਰੋਕ ਮਿਲ਼ਦੇ ਰਹੇ.....

....ਕਦੀ ਮੈਂ ਲੰਮੀ ਪਈ
ਘੂਕ ਸੁੱਤੀ ਸੂਈ ਨੂੰ
ਪਿੱਠ ਭਾਰ ਖੜ੍ਹੀ ਕਰ ਦਿੰਦਾ
....ਕਦੀ ਤੂੰ ਗਲਵੱਕੜੀ ਪਾਈ ਬੈਠੀਆਂ
ਸੂਈਆਂ ਦੀਆਂ ਬਾਹਵਾਂ
ਖੋਲ੍ਹ ਦਿੰਦੀ ..
ਕਦੀ ਆਪਾਂ ਭੱਜੀ ਜਾਂਦੀ ਸੂਈ ਨੂੰ
ਲੱਤ ਅੜਾ ਕੇ ਡੇਗ ਲੈਂਦੇ
ਤੇ ਕਿਸੇ ਰਿਸ਼ੀ ਦੇ ਦਿੱਤੇ ਸਰਾਪ ਵਾਂਗ
ਹੱਥ ਛੁਹਾ ਕੇ ਅਹਿੱਲ ਕਰ ਦਿੰਦੇ ..

ਕਿੰਨੇ ਹੀ ਵਰ੍ਹੇ
ਅਸੀਂ ਤਾਨਾਸ਼ਾਹ ਬਣੇ ਰਹੇ ..
ਹਕੂਮਤਾਂ ਦੇ ਨਸ਼ੇ
ਵਕ਼ਤ ਦੀ ਛਾਤੀ ਤੇ ਇੱਕ ਦੂਜੇ ਨੂੰ ਬਾਹਾਂ ਚ ਲੈ
ਬਾਵਰੇ ਹੋ ਪੱਬਾਂ ਭਾਰ ਨੱਚਦੇ ਰਹੇ ..

ਫਿਰ ਅਚਾਨਕ
ਮੈਥੋਂ ਤੇਰਾ ਹੱਥ ਛੁੱਟ ਗਿਆ ..

ਘੁੰਗਰੂਆਂ ਦਾ ਸ਼ੋਰ ਕੁਝ
ਮੱਠਾ ਹੋਇਆ
ਤਾਲਮੇਲ ਟੁੱਟਿਆ
ਤੇ ਅਸੀਂ ਡਿੱਗ ਪਏ ..
ਡਿੱਗੇ ਹੋਇਆਂ ਨੂੰ ਸਮਾਂ ਕਦੀ ਬਾਂਹ ਨਈ ਦਿੰਦਾ ..

ਬਾਜ਼ੀਆਂ ਪਲਟ ਗਈਆਂ
ਵਕ਼ਤ ਨੇ
ਵਕ਼ਤ ਸਿਰ
ਵਕ਼ਤ ਸਾਂਭ ਲਿਆ
ਤੇ ਸਾਨੂੰ ਵਖ਼ਤ ਪਾ ਦਿੱਤਾ ..

ਹੁਣ ਸੂਈਆਂ ਹੁਕ਼ਮਰਾਨ ਹੋ ਗਈਆਂ
ਤੇ ਅਸੀਂ ਗ਼ੁਲਾਮ ..

ਹੁਣ ਸੂਈਆਂ ਸਾਨੂੰ
ਘੂਕ ਸੁੱਤਿਆਂ ਨੂੰ ਕੱਚੀ ਨੀਂਦੇ ਉਠਾ ਕੇ
ਪਿੱਠ ਭਾਰ ਖੜ੍ਹੇ ਕਰਦੀਆਂ ਨੇ ..

ਹੁਣ ਸੂਈਆਂ ਸਾਡੀ ਗਲਵੱਕੜੀ ਤੋੜ
ਰੋਂਦਿਆਂ ਕੁਰਲਾਉਂਦਿਆਂ ਦੀਆਂ
ਬਾਹਾਂ ਖੋਲ੍ਹ ਦਿੰਦੀਆਂ ਨੇ ..

..ਤੇ ਹੁਣ ਸੂਈਆਂ
ਸਾਡੀਆਂ ਲੱਤਾਂ
ਰਸਮਾਂ ਦੀਆਂ ਸੋਟੀਆਂ ਫਸਾ ਕੇ ਡੇਗਦੀਆਂ ਨੇ
ਤੇ ਅਸੂਲਾਂ ਦੇ ਗੰਗਾਜਲ ਦਾ ਛਿੱਟਾ ਦੇ ਕੇ
ਸਾਨੂੰ ਅਹਿਲ ਕਰ ਦਿੰਦੀਆਂ ਨੇ ..

ਹੁਣ ਅਸੀਂ ਵਕ਼ਤ ਹੱਥੋਂ
ਹਾਰ ਚੁੱਕੇ ਹਾਂ ..

ਵਕਤ ਨੂੰ ਰੋਕਣਾ ਕੋਈ ਵੱਡੀ ਗੱਲ ਨਈ
..ਬਹੁਤ ਵੱਡੀ ਗੱਲ ਹੁੰਦੀ ਹੈ ..
====
ਅਮੁੱਕ ਸਫ਼ਰ
ਨਜ਼ਮ
ਮੈਂ ਤਾਂ ਮਾਪਦਾ ਹੁੰਦਾ ਸੀ
ਜ਼ਿੰਦਗੀ ਨੂੰ
ਇੱਕ ਸਿੱਧੇ ਪੈਮਾਨੇ ਤੇ ..

ਸਿੱਧਾ ਜਿਹਾ ਹਿਸਾਬ-ਕਿਤਾਬ
ਸਿਫ਼ਰ ਤੋਂ ਸਿਖ਼ਰ ਤੱਕ
ਆਦਿ ਤੋਂ ਅੰਤ
ਤੇ ਸਫ਼ਰ ਤੋਂ ਮੰਜਜ਼ਿਲ ਤੱਕ ..

ਤੇ ਫੇਰ
ਪਾਸੇ ਖੜ੍ਹ ਕੇ ਦੇਖਦਾ ਸੀ
ਕਿ ਮੈਂ ਕਿੱਥੇ ਕੁ ਖਲੋਤਾ ਹਾਂ ..
ਕਿੰਨੇ ਕ਼ਦਮ ਬਾਕੀ ਨੇ ਅਜੇ
ਮੰਜ਼ਿਲ ਤੱਕ ..

ਪਰ ਇੱਕ ਦਿਨ
ਇੱਕ ਜੋਗੀ ਆਇਆ

ਨਾ ਕੁਝ ਬੋਲਿਆ
ਨਾ ਕੁਝ ਸੁਣਿਆ

ਮੇਰੇ ਹੱਥੋਂ ਪੈਮਾਨਾ ਖੋਹ ਕੇ
ਓਹਨੇ ਦੋਵਾਂ ਹੱਥਾਂ ਨਾਲ਼
ਮੋੜ ਕੇ ਗੋਲ਼ ਕਰ ਦਿੱਤਾ ..
ਤੇ ਚਲਾ ਗਿਆ ..

ਕਈ ਵਰ੍ਹੇ
ਮੈਂ ਗੋਲ਼ ਪੈਮਾਨੇ ਤੇ
ਆਪਣੇ 'ਸਿਖ਼ਰ ਸਿਫ਼ਰ' ਲੱਭਦਾ ਰਿਹਾ ..

ਆਦਿ ਅੰਤ ਗੁਆਚ ਗਏ ,
ਮੰਜ਼ਿੰਲਾਂ ਗੁੰਮ ਗਈਆਂ ..
ਰਾਹ ਭਟਕ ਗਏ ...
ਪਰ ਅੱਖਾਂ ਖੁੱਲ੍ਹ ਗਈਆਂ

ਤੇ ਪਿੱਛੇ
ਰਹਿ ਗਿਆ ਤਾਂ ਬੱਸ ਸਫ਼ਰ ..
ਅਮੁੱਕ ਸਫ਼ਰ ...

ਜੋਗੀ ਬਿਨਾਂ ਕੁਝ ਬੋਲੇ
ਜ਼ਿੰਦਗੀ ਦੇ ਅਰਥ
ਸਮਝਾ ਗਿਆ
=====
ਜ਼ਿੰਦਗੀ
ਨਜ਼ਮ
ਕਈ ਵਾਰ ਜ਼ਿੰਦਗੀ
ਭਾੜੇ ਤੇ ਕੀਤੇ ਟੱਟੂ ਵਰਗੀ ਬਣ ਜਾਂਦੀ ਏ
ਬੇਸਹਾਰਾ
ਲਾਚਾਰ
ਤੇ ਬੋਝਲ ...

ਲੱਦੀ ਜਾ ਰਹੇ ਆਂ
ਜਿਸਦੀ ਪਿੱਠ ਤੇ ਅਸੀਂ
ਗੁਜ਼ਰੇ ਜ਼ਮਾਨੇ ਦੇ
ਰੂੰ ਦੇ ਫੰਬਿਆਂ ਵਰਗੇ ਬੇਸ਼ਕੀਮਤੀ ਪਲ..

ਬੇਹੀਆਂ ਹੋ ਚੁੱਕੀਆਂ
ਯਾਦਾਂ ਦਾ ਬੋਝ ..
ਜਿਸਦੀਆਂ ਢਾਕਾਂ ਤੇ
ਲਟਕਾ ਰੱਖੀਆਂ ਨੇ ਧੁੰਦਲ਼ੇ ਹੋ ਚੁੱਕੇ
ਖ਼ਿਆਲਾਂ ਦੀਆਂ ਗੱਠੜੀਆਂ ..

ਗੱਲ ਕੀ ..
ਸਮੁੱਚਾ ਬੀਤਿਆ ਹੋਇਆ ਕੱਲ੍ਹ
ਇਹਦੀ ਪਿੱਠ ਤੇ ਚੁਬਾਰਾ ਪਾਈਂ ਬੈਠਾ ਏ ..

ਨਿੱਤ ਨਿੱਤ
ਹਾਲਾਤ ਦੇ
ਹੰਝੂਆਂ ਦਾ ਦਰਿਆ ਪਾਰ ਕਰਦਿਆਂ
ਇਹ ਯਾਦਾਂ
ਗਿੱਲੀਆਂ ਹੋ ਹੋ
ਹੋਰ ਭਾਰੀ ਹੁੰਦੀਆਂ ਜਾਂਦੀਆਂ ਨੇ ...

ਆਖ਼ਿਰ ਇੱਕ ਦਿਨ
ਨਾ ਸਹਿੰਦਿਆਂ ਹੋਇਆਂ ਇਹ ਅਸਹਿਣਯੋਗ ਭਾਰ
ਹਾਰ ਹੰਭ ਕੇ ,
ਕੁੱਬਾ ਹੋ ਕੇ
ਦਰਿਆ ਵਿਚਾਲੇ ਹੀ ਬਹਿ ਜਾਂਦਾ ਏ
ਇਹ ਜ਼ਿੰਦਗੀ ਨਾਮਕ ਪਸ਼ੂ ..

ਏਸ ਤੋਂ ਪਹਿਲਾਂ
ਕਿ 'ਹਾਲਾਤ ਤੁਹਾਡੀ ਹਾਲਤ ਵਿਗਾੜ ਦੇਣ ',
ਸੁੱਟ ਦਿਓ
ਇੱਕ ਇੱਕ ਕਰ ਸਭ ਸਿੱਲ੍ਹੀਆਂ ਯਾਦਾਂ
ਵਕ਼ਤ ਦੇ ਦਰਿਆ

ਰੋਸ ਨਾ ਕਰਨਾ
ਖ਼ਿਆਲਾਂ ਦੇ ਉੱਸਰੇ ਚੁਬਾਰੇ ਦੇ
ਢਹਿ ਜਾਣ ਦਾ
ਕਿਉਂਕਿ
ਸਮਾਂ ਪਾ ਕੇ
ਸ਼ਾਹੀ ਇਮਾਰਤਾਂ ਦਾ ਖੰਡਰ ਬਣਨਾ ਤਾਂ ਲਾਜ਼ਮੀ ਏ ...

ਮੁਕਤ ਕਰੋ ਜ਼ਿੰਦਗੀ ਪਸ਼ੂ ਨੂੰ
ਏਸ ਬੇਲੋੜੇ ਭਾਰ ਤੋਂ
ਤੇ ਦਿਓ
ਦੁਬਾਰਾ ਉੱਠਣ ਦਾ ਮੌਕਾ,

ਮੁੜ ਤਿਆਰ ਕਰੋ
ਸੁਪਨਿਆਂ ਦੀਆਂ ਗੱਠੜੀਆਂ
ਇਹਦੇ ਲੱਕ ਦੁਆਲੇ ਬੰਨ੍ਹਣ ਲਈ..
ਲੈ ਜਾਓ ਏਸ ਪਾਰੋਂ ਓਸ ਪਾਰ ..
ਪਾਰ ਕਰਕੇ ਮੰਝਧਾਰ

ਯਾਦ ਰੱਖਣਾ
ਇਸ ਪਾਰ... ਤੁਹਾਡਾ ਗੁਜ਼ਰਿਆ ਕੱਲ੍ਹ ਸੀ ..
ਓਸ ਪਾਰ... ਆਉਣ ਵਾਲਾ ਕੱਲ

ਪਿੱਛੇ ਮੁੜਨਾ ਕਿ ਅੱਗੇ ਵੱਧਣਾ
ਫ਼ੈਸਲਾ ਤੁਹਾਡੇ ਹੱਥ ਚ .......ਨਹੀਂ ਪੈਰਾਂ ਚ ਹੈ ..

ਕਿਉਂਕਿ ਪੈਰ ਹੀ
ਨਿਰਧਾਰਿਤ ਕਰਦੇ ਨੇ ਮੰਜ਼ਿਲਾਂ,
ਹੱਥਾਂ ਨੇ ਤਾਂ ਸਿਰਫ਼ ਰਾਹਾਂ ਵੱਲ ਇਸ਼ਾਰੇ ਕਰਨੇ ਹੁੰਦੇ ਨੇ ...

Sunday, September 23, 2012

ਸੁਖਰਾਜ ਮਾਨ ਮੌੜ - ਆਰਸੀ 'ਤੇ ਖ਼ੁਸ਼ਆਮਦੇਦ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸੁਖਰਾਜ ਮਾਨ
ਮੌੜ

ਅਜੋਕਾ ਨਿਵਾਸ: ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ

=====
ਰੋਜ਼ ਵਾਂਗ
ਨਜ਼ਮ
ਅੱਜ ਮੈਂ ਤੈਨੂੰ
ਉਸੇ ਕੈਫੇ ਵਿੱਚ ਫਿਰ ਮਿਲ਼ਦਾ ਹਾਂ
ਰੋਜ਼ ਵਾਂਗ
ਤੇਰਾ ਚਿਹਰਾ ਵੀ ਉਹੀ
ਰੋਜ਼ ਵਾਂਗ
ਤੇਰੀ ਮੁਸਕਾਨ ਵੀ ਉਹੀ
ਰੋਜ਼ ਵਾਂਗ
ਤੇਰੇ ਜਿਸਮ ਦੀ ਖ਼ੁਸ਼ਬੂ ਵੀ ਉਹੀ
ਰੋਜ਼ ਵਾਂਗ
ਤੇਰਾ ਕੌਫ਼ੀ ਦਾ ਸਵਾਦ ਦੱਸਣਾ ਵੀ ਉਹੀ
ਰੋਜ਼ ਵਾਂਗ
ਤੇ ਅਖੀਰ ਮੈਨੂੰ ਲੱਗਣ ਲੱਗਦਾ ਏ
ਤੂੰ ਬਦਲਦੀ ਕਿਉਂ ਨਹੀਂ???
ਪੀਜ਼ੇ ਦੀਆਂ ਕੀਮਤਾਂ ਤਾਂ ਨਿੱਤ ਬਦਲ ਜਾਂਦੀਆਂ ਨੇ
ਤੇ ਫੇਰ ਮੈਨੂੰ ਮੇਰਾ ਪੀਜ਼ੇ ਨਾਲ਼ ਤੇਰੀ ਤੁਲਨਾ ਕਰਨਾ
ਜ਼ਿੰਦਗੀ ਦਾ ਸਭ ਤੋਂ ਬਕਵਾਸ ਖ਼ਿਆਲ ਲਗਦੈ
ਪਰ ਸ਼ਾਇਦ ਮੈਂ ਹੀ ਬਕਵਾਸ ਬਣ ਚੱਲਿਆਂ ਹਾਂ
ਦਿਨ-ਬ-ਦਿਨ
ਤੇ ਫਿਰ ਇਸ ਸਭ ਤੋਂ ਬਾਹਰ ਨਿਕਲਣ ਲਈ
ਮੈ ਇਕ ਬਹਾਨਾ ਘੜ ਲੈਨਾਂ
ਮੈਂ ਵੀ ਤਾਂ ਉਹੀ ਹਾਂ
ਰੋਜ਼ ਵਾਂਗ
=====
ਪਿਆਸ
ਨਜ਼ਮ
ਪਿਆਸ
ਰਾਤੀਂ ਮੈਨੂੰ ਕ਼ਬਰਿਸਤਾਨ ਲੈ ਗਈ
ਆਪਣੇ ਨਾਲ਼
ਮੈਂ ਆਹਿਸਤਾ ਆਹਿਸਤਾ ਪੱਬ ਰੱਖਾਂ
ਉੱਥੇ ਪਹੁੰਚ
ਮਤੇ ਮੁਰਦੀਆਂ ਦੀਆਂ ਰੂਹਾਂ ਜਾਗ ਹੀ ਨਾ ਜਾਣ
ਤੇ ਉਹ ਬੇਧੜਕ ਬੇਝਿਜਕ
ਆਪਣੇ ਕੂਲ਼ੇ ਪੈਰਾਂ ਨਾਲ਼
ਪੂਰਾ ਕ਼ਬਰਿਸਤਾਨ ਗਾਹੀ ਜਾਵੇ
ਮੈਨੂੰ ਕਹਿੰਦੀ
ਕਿਉਂ ਡਰਦੈਂ ਇਹਨਾਂ ਦੇ ਸਪਰਸ਼ ਤੋਂ
ਇਹ ਤਾਂ ਆਪ ਵਿਚਾਰੀਆਂ ਪਿਆਸੀਆਂ ਨੇ
ਕਿਸੇ ਦੇ ਸਪਰਸ਼ ਦੀਆਂ
ਜਦ ਵਾਪਿਸ ਮੁੜੇ
ਮੈਨੂੰ ਲੱਗਿਆ
ਰੂਹਾਂ ਦੀ ਪਿਆਸ ਮਿਟ ਚੁੱਕੀ ਸੀ
ਤੇ ਮੇਰਾ ਅੰਦਰ ਸੁੱਕਦਾ ਜਾ ਰਿਹਾ ਸੀ
=====
ਗੁੰਮਨਾਮ ਔਰਤ
ਨਜ਼ਮ
ਮੈਨੂੰ ਯਾਦ ਤਾਂ ਨਹੀਂ
ਪਰ ਮੈਂ ਖ਼ੁਸ਼ ਤਾਂ ਬੜੀ ਹੋਵਾਂਗੀ
ਜਿਸ ਦਿਨ ਕਿਵੇਂ ਨਾਂ ਕਿਵੇਂ
ਬਚਦੀ-ਬਚਾਉਂਦੀ
ਘਰਦਿਆਂ ਦੀਆਂ ਇੱਛਾਵਾਂ ਨੂੰ
ਅੱਗ ਲਾਉਂਦੀ
ਆ ਪਹੁੰਚੀ
ਇਕ ਨਰਮ ਲੋਥੜਾ ਬਣ ਕੇ
ਪਰੀ ਬਣਨ ਦੇ ਸੁਪਨੇ ਭਰ ਕੇ
ਇਹ ਸੰਸਾਰ ਤੱਕਣ,
ਮੇਰੇ ਅਜ਼ਾਦ ਹਵਾ '
ਮਸਤੀ ਨਾਲ਼ ਵਿਚਰਨ ਦੇ
ਉਮਰ ਦੇ ਵਧਣ ਨਾਲ਼
ਲਗਾਮਾਂ ਕਸਦੀਆਂ ਗਈਆਂ,
ਹਰ ਨਵਾਂ ਸਾਲ
ਮੇਰੇ ਉੱਭਰਦੇ ਜਿਸਮ ਲਈ
ਇੱਕ ਨਵਾਂ ਸੰਗਲ ਲੈ ਕੇ ਆਉਂਦਾ,
ਤੇ ਮੇਰਾ ਹਰ ਖ਼ਾਬ
ਮੇਰੇ ਲਈ ਹਸੀਨ ਫੁੱਲਾਂ ਦੀ ਘਾਟੀ ਨਹੀਂ
ਇੱਕ ਉਜਾੜ ਜੰਗਲ ਲੈ ਕੇ ਆਉਂਦਾ,
ਤੇ ਇੱਕ ਅਰਸੇ ਬਾਅਦ
ਉਹੀ ਖ਼ਾਬਾਂ ਦਾ ਵੀਰਾਨ ਜੰਗਲ
ਮੇਰਾ ਸਹਾਰਾ ਮੇਰੀ ਪਹਿਚਾਣ ਬਣਿਆ,
ਜਦ ਮੇਰਾ ਦੋ ਦੋ ਘਰਾਂ ਦਾ
ਆਪਣਾ ਸੰਸਾਰ
ਮੇਰੇ ਲਈ ਅਣਜਾਣ ਬਣਿਆ,
ਮੇਰੇ ਗ੍ਰੰਥ ਪੜ੍ਹਨ ਦੇ ਅਰਮਾਨਾਂ ਤੇ
ਬਸ ਗ੍ਰੰਥੀ ਦੀਆਂ ਚਾਰ ਲਾਈਨਾਂ ਨੇ
ਬਰੇਕਾਂ ਲਗਾ ਦਿੱਤੀਆਂ,
ਤੇ ਮੇਰੇ ਨੈਪੋਲੀਅਨ ਦੀ ਪਤਨੀ
ਬਣਨ ਦੀਆਂ ਰੀਝਾਂ
ਵਿਆਹ ਦੀ ਪਹਿਲੀ ਰਾਤ ਨੇ ਹੀ ਮੁਕਾ ਦਿੱਤੀਆਂ,
ਹੁਣ ਤਾਅਨੇ ਮਿਹਣਿਆਂ ਦੀ ਅੱਗ
ਸਾੜ ਦਿੰਦੀ ਏ
ਮੇਰੇ ਜੰਗਲ ਨੂੰ
ਤੇ ਏਸ ਜੰਗਲ ਦਾ ਧੂੰਆਂ
ਬਦਲ ਦਿੰਦੈ
ਮੇਰੇ ਕਾਲੇ ਸ਼ਾਹ ਵਾਲ਼ਾਂ ਨੂੰ
ਚਾਂਦੀ ਰੰਗੇ ਉਲਝੇ ਝਾਟੇ
ਤੇ ਆਖ਼ਿਰ ਮੈਂ
ਬਣ ਕੇ ਰਹਿ ਜਾਂਦੀ ਹਾਂ
ਇੱਕ ਗੁੰਮਨਾਮ ਔਰਤ
======
ਸਭ ਕੁਛ ਬਦਲਦਾ ਰਹਿੰਦੈ
ਨਜ਼ਮ
ਖ਼ਿਆਲ, ਮੂਡ, ਅਦਾ, ਫ਼ਿਜ਼ਾ
ਸਭ ਕੁਛ ਬਦਲਦਾ ਰਹਿੰਦੈ
ਫੇਰ ਵੀ ਮੈਂ ਭਟਕਦਾ ਨਹੀਂ
ਪਰ ਕੋਈ ਚੀਜ਼
ਸਥਿਰ ਰਹਿੰਦੀ ਏ
ਮੇਰੇ ਅੰਦਰ
ਜਿਹੜੀ ਮੇਰੇ ਪਛਾਣ ਚ ਵੀ ਨਹੀਂ ਆਉਂਦੀ
ਪਰ ਏਨਾ ਜ਼ਰੂਰ ਜਾਣ ਗਿਆ ਹਾਂ
ਕਿ ਓਹ ਸਥਿਰਤਾ
ਮੈਨੂੰ ਭਟਕਾਉਂਦੀ ਰਹਿੰਦੀ ਏ........


Friday, September 21, 2012

ਕੁਲਜੀਤ ਖੋਸਾ - ਆਰਸੀ 'ਤੇ ਖ਼ੁਸ਼ਆਮਦੇਦ

 ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਕੁਲਜੀਤ ਖੋਸਾ
ਅਜੋਕਾ ਨਿਵਾਸ: ਮਲੇਸ਼ੀਆ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ
=====



ਜੇ ਤੂੰ ਕੁਝ ਮੰਗਣਾ ਏਂ ਰੱਬ ਕੋਲੋਂ ਮੇਰੇ ਲਈ

ਗੀਤ
ਜੇ ਤੂੰ ਕੁਝ ਮੰਗਣਾ ਏਂ ਰੱਬ ਕੋਲ਼ੋਂ ਮੇਰੇ ਲਈ,
ਇੱਕੋ ਅਰਦਾਸ ਸਦਾ ਰਹੀਂ ਦਿਲੋਂ ਕਰਦੀ,
ਕਿ ਰੋਜ਼ ਕੁਝ ਲਿਖਦਾ ਰਹਾਂ ਮੈਂ ਚੰਨੋ ਤੇਰੇ ਲਈ

ਸੂਰਜ ਤੇ ਚੰਨ ਉੱਤੇ ਜਾ ਕੇ ਤੇਰਾ ਨਾਮ ਲਿਖਾਂ
ਕੋਈ ਵੀ ਨਾ ਛੱਡਾਂ ਐਸੀ ਥਾਂ ਜਿੱਥੇ ਨਾਂ ਲਿਖਾਂ
ਢਲ਼ਦੀ ਹੋਈ ਸ਼ਾਮ ਵਿੱਚ ਲਿਖ ਕੇ ਮੈਂ ਖ਼ੁਦ ਨੂੰ,
ਰਹਾਂ ਮੰਗਦਾ ਦੁਆਵਾਂ ਤੇਰੇ ਸੱਜਰੇ ਸਵੇਰੇ ਲਈ
ਕਿ ਰੋਜ਼ ਕੁਝ ਲਿਖਦਾ ਰਹਾਂ ਮੈਂ ਚੰਨੋ ਤੇਰੇ ਲਈ....

ਕਾਸ਼! ਰੱਬ ਲਿਖ ਦੇਵੇ ਐਸੀ ਤਕ਼ਦੀਰ ਮੇਰੀ
ਅੰਬਰਾਂ ਦੇ ਵਿੱਚ ਜਾ ਬਣਾਵਾਂ ਤਸਵੀਰ ਤੇਰੀ
ਜਿੱਥੇ ਸੋਹਣਾ ਜਿਹਾ ਮੁੱਖ ਤੇਰਾ ਚੰਨ ਬਣ ਚਮਕੇ
ਬਣ ਜੇ ਮੁਸੀਬਤ ਨਿਰੀ ਰਾਤ ਦੇ ਹਨੇਰੇ ਲਈ
ਕਿ ਰੋਜ਼ ਕੁਝ ਲਿਖਦਾ ਰਹਾਂ ਮੈਂ ਚੰਨੋ ਤੇਰੇ ਲਈ....

ਸੱਸੀ ਸੋਹਣੀ ਸਾਹਿਬਾਂ ਜਾਂ ਹੀਰ ਜੇਹੀ ਹੂਰ ਲਿਖਾਂ
ਜਾਂ ਅੰਬਰਾਂ ਤੋਂ ਆਈ ਤੈਨੂੰ ਪਰੀ ਤਾਂ ਜ਼ਰੂਰ ਲਿਖਾਂ
ਦਿਲ ਕਰੇ ਲਿਖ ਦੇਵਾਂ ਫੁੱਲ ਕੋਈ ਗੁਲਾਬ ਦਾ
ਜੋ ਵੰਡਦਾ ਰਹੇ ਮਹਿਕਾਂ ਸਦਾ ਚਾਰ ਚੁਫ਼ੇਰੇ ਲਈ
ਕਿ ਰੋਜ਼ ਕੁਝ ਲਿਖਦਾ ਰਹਾਂ ਮੈਂ ਚੰਨੋ ਤੇਰੇ ਲਈ....
=====
ਯਾਦ ਤੈਨੂੰ ਕਰੀ ਜਾਵਾਂ
ਗੀਤ
ਵੇਖ ਵੇਖ ਹਾਲ ਮੇਰਾ
ਚੰਨ ਮਾਮਾ ਹੱਸੀ ਜਾਵੇ
ਤਾਰਿਆਂ ਦੀ ਡਾਰ ਵੀ
ਤਾਹਨੇ ਪਈ ਕੱਸੀ ਜਾਵੇ
ਪਰ ਚੁੱਪ ਚਾਪ ਬੈਠਾ
ਮੈਂ ਹੌਂਕੇ ਭਰੀ ਜਾਵਾਂ
ਨਾਮ ਤੇਰਾ ਲੈ ਕੇ
ਸਾਹਵੇਂ ਦਰਦਾਂ ਦੇ ਬਹਿ ਕੇ
ਯਾਦ ਤੈਨੂੰ ਕਰੀ ਜਾਵਾਂ
ਯਾਦ ਤੈਨੂੰ ਕਰੀ ਜਾਵਾਂ ....

ਅੱਖਾਂ ਮੂਹਰੇ ਆ ਕੇ
ਸੀ ਪਤੰਗੇ ਪਏ ਹੱਸਦੇ
ਚਾਈਂ ਚਾਈਂ ਅੱਗ ਉੱਤੇ
ਜਾ ਕੇ ਰਹੇ ਮੱਚਦੇ
ਵੇਖ ਹੋਂਸਲਾ ਵੀ ਆਵੇ
ਪਰ ਦਿਲੋਂ ਬਹੁਤ ਡਰੀ ਜਾਵਾਂ
ਨਾਮ ਤੇਰਾ ਲੈ ਕੇ
ਸਾਹਵੇਂ ਦਰਦਾਂ ਦੇ ਬਹਿ ਕੇ
ਯਾਦ ਤੈਨੂੰ ਕਰੀ ਜਾਵਾਂ
ਯਾਦ ਤੈਨੂੰ ਕਰੀ ਜਾਵਾਂ ....

ਹੌਲ ਜਿਹਾ ਪਈ ਜਾਵੇ
ਕੁੱਤਿਆਂ ਦਾ ਰੋਣ ਸੁਣ
ਕਾਂਬਾ ਜਿਹਾ ਛਿੜੀ ਜਾਵੇ
ਉੱਲੂਆਂ ਦੇ ਬੋਲ ਸੁਣ
ਬਲ਼ੇ ਦੁੱਖਾਂ ਵਾਲੀ ਭੱਠੀ
ਪਰ ਫਿਰ ਵੀ ਮੈਂ ਠਰੀ ਜਾਵਾਂ
ਨਾਮ ਤੇਰਾ ਲੈ ਕੇ
ਸਾਹਵੇਂ ਦਰਦਾਂ ਦੇ ਬਹਿ ਕੇ
ਯਾਦ ਤੈਨੂੰ ਕਰੀ ਜਾਵਾਂ
ਯਾਦ ਤੈਨੂੰ ਕਰੀ ਜਾਵਾਂ ....

ਮੱਠੀ ਮੱਠੀ ਪੌਣ ਪਈ
ਵਗੇ ਪੁਰੇ ਵੱਲ ਦੀ
ਅੱਖੀਆਂ ਚ ਪੀੜ
ਹੰਝੂਆਂ ਨੂੰ ਪੱਖੀ ਝੱਲ ਦੀ
ਗ਼ਮਾਂ ਦੇ ਸਮੁੰਦਰਾਂ
ਡੁੱਬ ਕੇ ਵੀ ਤਰੀ ਜਾਵਾਂ
ਨਾਮ ਤੇਰਾ ਲੈ ਕੇ
ਸਾਹਵੇਂ ਦਰਦਾਂ ਦੇ ਬਹਿ ਕੇ
ਯਾਦ ਤੈਨੂੰ ਕਰੀ ਜਾਵਾਂ
ਯਾਦ ਤੈਨੂੰ ਕਰੀ ਜਾਵਾਂ .....

ਯਾਦਾਂ ਵਾਲੇ ਕੀੜੇ ਮੈਨੂੰ
ਨੋਚ ਨੋਚ ਖਾਈ ਜਾਣ
ਅੱਲੇ ਅੱਲੇ ਜ਼ਖ਼ਮਾਂ ਤੇ
ਲੂਣ ਜਿਹਾ ਪਾਈ ਜਾਣ
ਇੱਕ ਪਲ ਵਿੱਚ ਯਾਰਾ!
ਸੌ ਸੌ ਵਾਰ ਮਰੀ ਜਾਵਾਂ
ਨਾਮ ਤੇਰਾ ਲੈ ਕੇ
ਸਾਹਵੇਂ ਦਰਦਾਂ ਦੇ ਬਹਿ ਕੇ
ਯਾਦ ਤੈਨੂੰ ਕਰੀ ਜਾਵਾਂ
ਯਾਦ ਤੈਨੂੰ ਕਰੀ ਜਾਵਾਂ ....
=====
ਖ਼ਾਬ ਕੁਆਰਾ ..
ਗੀਤ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ ਵੱਢ ਵੱਢ ਖਾਵੇ
ਅੱਧੀ ਰਾਤੀਂ ਗੀਤ ਹਿਜਰ ਦਾ
ਫ਼ਕੀਰ ਕੋਈ ਕ਼ਬਰਾਂ ਵਿੱਚੋਂ ਗਾਵੇ
ਕੁੱਤਿਆਂ ਦਾ ਹਾਏ ਰੋਣ ਜਿਹਾ ਸੁਣ ਕੇ
ਕਿਸੇ ਦੀ ਹੋਣੀ ਆਉਣ ਦਾ ਸੁਣ ਕੇ
ਦੂਰ ਕਿਤੇ ਇੱਕ ਰੁੱਖ ਦੇ ਥੱਲੇ
ਬਿੱਲੀਆਂ ਦਾ ਝੁੰਡ ਪਿੱਟੀ ਜਾਵੇ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ....

ਰਾਤ ਰਾਣੀ ਦੀ ਚਾਲ ਵੇਖ ਕੇ
ਆਸ਼ਿਕ਼ ਦਾ ਬੁਰਾ ਹਾਲ ਵੇਖ ਕੇ
ਚੰਨ ਮਾਮਾ ਵੀ ਦਰਿੰਦਾ ਬਣਿਆ
ਸ਼ੈਤਾਨੀ ਹਾਸਾ ਹੱਸੀ ਜਾਵੇ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ....

ਤਾਰੇ ਵਾਂਗ ਪ੍ਰੇਤਾਂ ਜਾਪਣ
ਤੁਰਦੇ ਦਾ ਪਰਛਾਵਾਂ ਨਾਪਣ
ਦੂਜੇ ਪਾਸੇ ਬੈਠਾ ਉੱਲੂ
ਕੈਦੋਂ ਵਾਂਗਰ ਤੱਕੀ ਜਾਵੇ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ....

ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ
ਮੱਥੇ ਕਾਲ਼ਾ ਟਿੱਕਾ ਲਾ ਕੇ
ਮਨ ਦਾ ਮਜਨੂੰ ਟਿੱਲੇ ਬੈਠਾ
ਵਾਂਗ ਸੁਹਾਗਣ ਜੱਚੀ ਜਾਵੇ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ....

ਅੱਧੀ ਰਾਤ ਜਗਾ ਕੇ ਮੈਨੂੰ
ਦਿਲ ਦਾ ਦਰਦ ਸੁਣਾ ਕੇ ਮੈਨੂੰ
ਖੋਸੇ ਦਾ ਇੱਕ ਖ਼ਾਬ ਕੁਆਰਾ
ਪੈੜ ਮੌਤ ਦੀ ਨੱਪੀ ਜਾਵੇ
ਮਨ ਮੇਰੇ ਨੂੰ ਚੈਨ ਨਾ ਆਵੇ
ਡਰ ਜਿਹਾ ਦਿਲ ਨੂੰ....
 =====
ਇਕ ਵਾਰ ਤੇਰੇ ਲਈ ਯਾਰਾ..
ਗੀਤ
ਰੱਬ ਦੀਆਂ ਲਿਖੀਆਂ ਅੱਗੇ
ਮੈਂ ਕੇਰਾਂ ਅੜ ਕੇ ਵੇਖਾਂਗਾ
ਇਕ ਵਾਰ ਤੇਰੇ ਲਈ ਯਾਰਾ
ਮੋਤ ਨਾਲੜ ਕੇ ਵੇਖਾਂਗਾ

ਭਾਵੇਂ ਬੈਠਾ ਝਨਾਂ ਤੋਂ ਪਾਰ ਹੋਵੇਂ
ਜਾਂ ਡੁੱਬਦਾ ਅੱਧ ਵਿਚਕਾਰ ਹੋਵੇਂ
ਤੇਰੀ ਇੱਕ ਆਵਾਜ਼ ਹੀ ਕਾਫੀ ਏ,
ਕੱਚਿਆਂ ਤੇ ਵੀ ਤਰ ਕੇ ਵੇਖਾਂਗਾ
ਰੱਬ ਦੀਆਂ ਲਿਖੀਆਂ ਅੱਗੇ
ਮੈਂ ਕੇਰਾਂ ਅੜ ਕੇ...

ਪੁੰਨੂੰ ਥਾਂ ਆਪਾ ਵਰਤ ਲਈਂ,
ਮੈਨੂੰ ਸੱਸੀ ਵਾਂਗੂੰ ਪਰਖ ਲਈਂ,
ਸਿਖ਼ਰ ਦੁਪਿਹਰੇ ਤਪਦੇ ਥਲਾਂ ਦੀ
ਰੇਤ ਚ ਸੜ ਕੇ ਵੇਖਾਂਗਾ
ਰੱਬ ਦੀਆਂ ਲਿਖੀਆਂ ਅੱਗੇ
ਮੈਂ ਕੇਰਾਂ ਅੜ ਕੇ...

ਪੰਜੇ ਵਕ਼ਤ ਨਮਾਜ਼ਾਂ ਕਰ ਕੇ
ਵੇਦ ਗਰੰਥਾਂ ਨੂੰ ਜਾਂ ਪੜ ਕੇ
ਜੇ ਮਿਲ ਸਕਦੀ ਏ ਜ਼ਿੰਦਗੀ ਏਦਾਂ
ਚੱਲ ਇਹ ਵੀ ਪੜ੍ਹ ਕੇ ਵੇਖਾਂਗਾ
ਰੱਬ ਦੀਆਂ ਲਿਖੀਆਂ ਅੱਗੇ
ਮੈਂ ਕੇਰਾਂ ਅੜ ਕੇ...

 ਕਿਤੇ ਮਾਰ ਰੱਬ ਦੀ ਪੈ ਗਈ ਜੇ,
ਤੈਨੂੰ ਹੋਣੀ ਕਿਧਰੇ ਲੈ ਗਈ ਜੇ,
ਤੂੰ ਡਰੀਂ ਨਾ ਹੱਕ਼ ਆਪਣੇ ਲਈ
ਜੂਹ ਰੱਬ ਦੀ ਵੜ ਕੇ ਵੇਖਾਂਗਾ,
ਰੱਬ ਦੀਆਂ ਲਿਖੀਆਂ ਅੱਗੇ
ਮੈਂ ਕੇਰਾਂ ਅੜ ਕੇ...

Tuesday, September 18, 2012

ਕਿਰਤਪਾਲ ਗਿੱਲ - ਆਰਸੀ 'ਤੇ ਖ਼ੁਸ਼ਆਮਦੇਦ

ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਕਿਰਤਪਾਲ ਗਿੱਲ
ਅਜੋਕਾ ਨਿਵਾਸ: ਬਠਿੰਡਾ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ
( Art by: Leonid Afremov )
ਜ਼ਹਿਰੀਲਾ ਇਸ਼ਕ਼
ਨਜ਼ਮ
ਵਸਲਾਂ ਦੀ ਚਾਨਣੀ ਹੇਠ
ਜਦੋਂ ਪਹਿਲੀ ਵਾਰ
ਆਪਾਂ ਆਪੋ-ਆਪਣੀ
ਕੁੰਜ ਲਾਹੀ ਸੀ,
ਸੂਰਜ ਵਾਂਗ ਮਘ
ਉੱਠਿਆ ਸੀ
ਤੇਰਾ ਸਾਂਵਲਾ ਜਿਸਮ
ਇੱਕ ਦੂਜੇ ‘ਤੇ ਮੇਹਲਣ
ਲੱਗੇ ਸੀ
ਚਿੱਟੇ ਬੱਦਲਾਂ ਦੀ ਚਾਦਰ
ਓੜ ਕੇ
ਆਪਾਂ ਚੂਸ ਰਹੇ ਸੀ
ਇੱਕ ਦੂਜੇ ਦੇ ਜ਼ਹਿਰੀ
ਇਸ਼ਕ ਨੂੰ,
ਸਾਹਾਂ ਨੂੰ ਕੁੱਜੇ ਵਿੱਚ ਬੰਦ ਕਰਕੇ
ਮੇਰੀ ਛੋਹ ਨਾਲ਼
ਤੇਰੇ ਲੂੰ-ਕੰਡੇ ਇਉਂ ਖੜ੍ਹੇ
ਹੋਏ ਸੀ....
ਜਿਵੇਂ ਕੱਕੀ ਰੇਤ ਵਿੱਚ
ਭੱਖੜਾ ਪਿਆ ਹੋਵੇ,
ਮੇਰੇ ਜਿਸਮ ਵਿੱਚ ਧਸ ਗਏ ਸੀ
ਲੂੰ-ਕੰਡੇ ਭੱਖੜਾ ਬਣ ਕੇ..
ਤੇਰੇ ਇਸ਼ਕ ਦਾ ਜ਼ਹਿਰ
ਹੋਰ ਜ਼ਹਿਰੀਲਾ ਹੋ ਗਿਆ ਸੀ
ਤੇ ਹਾਂ ਸੱਚ...
ਤੇਰੇ ਫਨੀਅਰ ਚੁੰਮਣਾਂ ਨੇ
ਮੇਰੇ ਹੋਠਾਂ ਨੂੰ ਨੀਲਾ
ਕਰ ਦਿੱਤਾ ਸੀ,
ਕਰ ਦਿੱਤਾ ਸੀ ਫ਼ੋਕਾ
ਬੇ-ਰਸ ਮੇਰੇ ਹੋਠਾਂ ਨੂੰ,
ਵਿੱਚੇ ਛੱਡ ਦਿੱਤੇ ਸੀ
ਤੈਂ ਆਪਣੇ ਜ਼ਹਿਰੀਲੇ ਦੰਦ
ਮੈਨੂੰ ਸਭ ਯਾਦ ਹੈ
ਹਰ ਹੱਦ, ਹਰ ਕਹਿਰ

ਵਸਲ ਦਾ ਦਿਨ...
ਅੱਜ ਵੀ ਜਦੋਂ ਮੇਰੀ ਜੀਭ ਦਾ
ਸਪਰਸ਼ ਹੋਠਾਂ ਨਾਲ ਹੁੰਦਾ ਤਾਂ
ਚੜ੍ਹ ਜਾਂਦਾ ਹੈ
ਜ਼ਹਿਰ ਮੇਰੀ ਜੀਭ ਨੂੰ
ਜੀਭ ਹੋ ਜਾਂਦੀ ਹੈ ਸੁੰਨ
ਸਾਰਾ ਸਰੀਰ ਮਦਹੋਸ਼ ਹੋ ਜਾਂਦਾ ਹੈ
ਤੇਰੇ ਜ਼ਹਿਰੀਲੇ ਇਸ਼ਕ ਦਾ ਐਸਾ
ਅਸਰ ਹੁੰਦਾ ਹੈ ਮੇਰੇ ‘ਤੇ
ਮੇਰੇ ਮਹਿਬੂਬ
======
ਇਕ ਉਮਰ 
ਨਜ਼ਮ
ਕਿਤੋਂ ਮੁੜ ਨੀਂ ਮੇਰੀਏ
ਸਾਂਵਲੀਏ ਰੁੱਤੇ...
ਤੇਰੀ ਖੱਬੀ ਗੱਲ੍ਹ ਦੇ
ਟੋਏ ਵਿੱਚ
ਮੇਰੀ ਇੱਕ ਉਮਰ ਖੁੱਭੀ ਹੈ

ਮੇਰੇ ਤਨ ਦੇ ਪਾਣੀ
ਅੰਦਰ ਮੱਚੜੀ...
ਦਿਨੋ-ਦਿਨ ਮੁਟਿਆਰ ਹੁੰਦੀ
ਇੱਕ ਅੱਲੜ੍ਹ ਅੱਗ ਉੱਗੀ ਹੈ

ਪਲ-ਪਲ ਧੁਖਦੀ ਜਾਵੇ
ਜੋਬਨ ਮੇਰੇ ਦੀ ਪਰਾਲ਼ੀ
ਇਕ ਬੁੱਕ ਤੈਨੂੰ ਦਿੱਤੀ
ਰਹਿੰਦੀ ਖੂੰਹਦੀ ਮੈਂ ਸੜ੍ਹਾਲੀ
ਦਾਣਾ-ਦਾਣਾ ਸਾਹਾਂ ਨੂੰ ਚੁਗਦੀ
ਵਿਯੋਗ ਤੇਰੇ ਦੀ ਘੁੱਗੀ ਹੈ 

ਰੋਡੇ-ਭੋਡੇ ਦਿਨ ਨੀਂ ਮੇਰੇ
ਲੁਹਾਈ ਬੈਠੇ ਝੰਡਾਂ ਨੇ
ਸਹਿਮੇ ਸਹਿਮੇ ਗ਼ਮ ਦੀ ਰਾਤੋਂ
ਉਹਲੇ ਬੈਠੇ ਕੰਧਾਂ ਨੇ
ਕੁਝ ਦਿਨ ਦਮ ਤੋੜ ਗਏ ਨੇ
ਕੁਝ ਨੂੰ ਮਰਨ ਦੀ ਸੁੱਝੀ ਹੈ

ਪਲਕੋਂ ਵਾਲ਼ ਲੱਥਣ ਜੀਕਣ
ਸੁੱਕੜੇ ਰੁੱਖੋਂ ਪੱਤ ਨੀਂ
ਨੈਣਾਂ ਵਿੱਚ ਦਰਿਆ ਹੈ ਵਗਦਾ
ਲੈਂਦਾ ਫਿਰਦਾ ਵੱਤ ਨੀ
ਇੱਕ ਰੀਝ ਦੀ ਬੇਰੀ
ਮੇਰੀ ਹੁੰਦੀ ਜਾਂਦੀ ਹੁਣ ਕੁੱਬੀ ਹੈ

ਗੁੱਛ-ਮੁੱਛ ਕਰਕੇ ਸੁਪਨੇ
ਸਾੜੇ ਵਿੱਚ ਚੁੱਲ੍ਹੇ ਨੀਂ
ਉੱਬਲ ਆਏ ਨੈਣ ਮੇਰੇ ਜਦ
ਅੱਗ ਦੀ ਹਿੱਕੜੀ ਡੁੱਲ੍ਹੇ ਨੀਂ
ਕਿਸਮਤ ਵਿੱਚ ਅੱਗ ਹੈ ਖਾਣੀ,
ਅੱਗ ਵਿੱਚ ਪਾਈ ਝੁੱਗੀ ਹੈ

ਇੱਕ ਧੁੱਪੜੀ ਮੇਰਾ ਪਿੰਡਾ
ਚੁੰਮ-ਚੁੰਮ ਕਰਦੀ ਨੀਲੜਾ ਨੀ
ਆਥਣ ਦਾ ਸੁਲਫ਼ਾ ਮੈਨੂੰ
ਪੀ-ਪੀ ਕਰਦਾ ਪੀਲੜਾ ਨੀ
ਚੁਟਕੀ-ਚੁਟਕੀ ਮੌਤ ਹੈ ਆਉਂਦੀ,
ਮੇਰੀ ਹਰ ਸਵੇਰ ਡੁੱਬੀ ਹੈ

ਪੈਰ ਘੜੀਸੇ ਧੜਕਣ ਮੇਰੀ
ਅੱਖਾਂ 'ਚ ਪਈ ਖੱਲੀ ਨੀ
ਕੋਏ ਕੋਲੇ ਦੀ ਖਾਣ ਹੋਏ
ਰੂਹ ਹੋਈ ਫਿਰਦੀ ਦੱਲੀ ਨੀ
ਤੇਰਾ ਚੁੰਮਣ ਵਿਲਕੇ ਹੋਠੀਂ ਮੇਰੇ
ਉੱਤੋਂ ਪੀੜ ਪਿੰਡੇ ਚੁੱਭੀ ਹੈ

ਕਿਤੋਂ ਮੁੜ ਨੀਂ ਮੇਰੀਏ
ਸਾਂਵਲੀਏ ਰੁੱਤੇ...
ਤੇਰੀ ਖੱਬੀ ਗੱਲ੍ਹ ਦੇ
ਟੋਏ ਵਿੱਚ ਮੇਰੀ ਇੱਕ ਉਮਰ ਖੁੱਭੀ ਹੈ
ਮੇਰੇ ਤਨ ਦੇ ਪਾਣੀ
ਅੰਦਰ ਮੱਚੜੀ...
ਦਿਨੋਂ-ਦਿਨ ਮੁਟਿਆਰ ਹੁੰਦੀ
ਇੱਕ ਅੱਲੜ੍ਹ ਅੱਗ ਉੱਗੀ ਹੈ
======
ਚਿੱਟੀ ਚੁੰਨੀ
ਗੀਤ
ਚਿੱਟੀ ਚੁੰਨੀ ਕਹਿਕਸ਼ਾਂ 'ਚ
ਧੋ ਲੈਣ ਦੇ
ਮਾਏ! ਅੱਜ ਮੈਨੂੰ
ਪੌਣ ਜੇਹੀ ਹੋ ਲੈਣ ਦੇ 

ਤਾਰਿਆਂ ਦੀ ਵੱਖੀ ਵਿੱਚ
ਚੂੰਢੀਆਂ ਹੈ ਵੱਢਦੀ,
ਅੰਬਰਾਂ ਦੀ ਹਿੱਕ ਵਿੱਚੋਂ
ਬੱਦਲਾਂ ਨੂੰ ਕੱਢਦੀ,
ਗੂੰਗੀ-ਬੋਲੀ ਰਾਤ ਉੱਤੇ
ਗੀਤ ਫਿਰੇ ਕੱਜਦੀ,
ਮੈਨੂੰ ਵੀ ਤਾਂ ਗੀਤ ਕੋਈ
ਛੋਹ ਲੈਣ ਦੇ...
ਮਾਏ ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ...

ਬਿਰਖ਼ਾਂ ਦੇ ਨਾਲ ਜਿਹੜੀ
ਮੋਢੇ ਮਾਰ ਲੰਘਦੀ,
ਬੁੱਢੇ ਹੋਏ ਬੋਹੜਾਂ ਕੋਲ਼ੋਂ
ਰਤਾ ਵੀ ਨਾ ਸੰਗਦੀ,
ਕੁੱਲ ਕਾਇਨਾਤ ਨੂੰ ਜੋ
ਮਹਿਕਾਂ ਫਿਰੇ ਵੰਡਦੀ,
ਮੈਨੂੰ ਉਹਦੇ ਵਿੱਚ
ਖ਼ੁਦ ਨੂੰ ਸਮੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ ...

ਤਪੇਂਦੇ ਹੋਏ ਸੂਰਜ ਦਾ
ਮੱਥਾ ਜਿਹੜੀ ਚੁੰਮਦੀ,
ਹਰ ਇੱਕ ਫੁੱਲ ਨੂੰ
ਨੇੜਿਉਂ ਹੋ ਕੇ ਸੁੰਘਦੀ,
ਖ਼ਲਾਅ ਤੋਂ ਵੀ ਪਰ੍ਹਾਂ
ਫਿਰੇ ਜਿਹੜੀ ਘੁੰਮਦੀ,
ਕੁਝ ਤਾਰੇ ਮੈਨੂੰ 
ਮੁੱਠੀ 'ਚ ਲੁਕੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ... 

ਸੁਨਹਿਰੀ ਕਣਕਾਂ ਦੇ ਨਾਲ਼
ਪਾਉਂਦੀ ਫਿਰੇ ਕਿੱਕਲੀ,
ਮੈਂ ਹੁਣੇ-ਹੁਣੇ ਵੇਖੀ 
ਮੀਢੀਆਂ ਕਰਾ ਕੇ ਨਿੱਕਲ਼ੀ,
ਮੈਂ ਵੀ ਉਹਦੇ ਕੋਲ਼ੋਂ
ਬੋਲੀ ਨਵੀਂ ਇੱਕ ਸਿੱਖ ‘ਲੀ,
ਚਾਅ ਮੈਨੂੰ ਵੀ ਤਾਂ
ਦਿਲ ਵਿੱਚ ਢੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ 

ਢੋਲ ਨੇ ਤਾਂ ਹੁਣ ਲੱਗੇ
ਆਉਣਾ ਨਾਹੀਂ ਮੁੜ ਕੇ,
ਗ਼ਮ ਦੀਆਂ ਰਾਤਾਂ ਨਾਲ਼
ਖੜ੍ਹੀ ਰਹੀ ਜੁੜ ਕੇ,
ਕ਼ਬਰਾਂ ਤੀਂ ਜਾਣਾ ਪੈਣਾ
ਗੋਡਿਆਂ ਤੇ ਰੁੜ੍ਹ ਕੇ,
ਗਲ਼ ਲੱਗ ਦੁੱਖੜਾ ਰੋ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ...

ਚਿੱਟੀ ਚੁੰਨੀ ਕਹਿਕਸ਼ਾਂ 'ਚ
ਧੋ ਲੈਣ ਦੇ
ਮਾਏ ਅੱਜ ਮੈਨੂੰ
ਪੌਣ ਜੇਹੀ ਹੋ ਲੈਣ ਦੇ... 


Monday, September 17, 2012

ਨਿਵੇਦਿਤਾ ਸ਼ਰਮਾ - ਆਰਸੀ 'ਤੇ ਖ਼ੁਸ਼ਆਮਦੇਦ

 ਆਰਸੀ ਤੇ ਖ਼ੁਸ਼ਆਮਦੇਦ

ਸਾਹਿਤਕ ਨਾਮ: ਨਿਵੇਦਿਤਾ ਸ਼ਰਮਾ
ਅਜੋਕਾ ਨਿਵਾਸ: ਸੰਗਰੂਰ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ : ਫੇਸਬੁੱਕ




( Art by Antoine de Villiers )

ਜਿੱਥੇ ਜਿੱਥੇ ਘੁੰਗਰੂ ਦੇ ਨਾਲ਼ ਵੱਜੇ ਇਕਤਾਰਾ..
ਨਜ਼ਮ
ਚਾਰ ਛਿੱਟੇ ਚਾਨਣੀ ਦੇ
ਇੱਕ ਲੱਪ ਬੱਦਲ਼ਾਂ ਦੀ
ਚੁਟਕੀ ਕੁ ਤਾਰਿਆਂ ਨਾ
ਅੰਬਰ ਸਜਾ ਲਿਆ..
ਸਿੱਲ੍ਹੀ ਸਿੱਲ੍ਹੀ ਅੱਖ ਨਾਲ਼
ਗੀਤ ਮੋਏ ਕੱਲ੍ਹ ਦਾ
ਨਿੰਮ੍ਹਾ ਨਿੰਮ੍ਹਾ ਹੱਸਦੀਆਂ
ਬੁੱਲ੍ਹੀਆਂ ਨੇ ਗਾ ਲਿਆ..

ਕੁਝ ਕੁਝ ਜੱਗ ਉੱਤੇ
ਬੀਤੀਆਂ ਮੁਹੱਬਤਾਂ ਦਾ
ਭੁਰਦੀਆਂ ਨਬਜ਼ਾਂ ਨੇ
ਬੂਰ ਝੋਲੀ ਪਾ ਲਿਆ..
ਜਿਵੇਂ ਕਿਸੇ ਉੱਜੜੇ ਜਿਹੇ
ਘਰ ਦੇ ਬਨੇਰਿਆਂ ਨੇ
ਖੁਰ ਖੁਰ ਡਿੱਗਦਿਆਂ
ਬੂਹਾ ਗਲ਼ ਲਾ ਲਿਆ..

ਡਾਚੀਆਂ ਦੇ ਗਲ਼ਾਂ ਵਿਚ
ਟੱਲੀਆਂ ਤੋਂ ਸੁਣਿਆ
ਆਸ਼ਿਕ਼ ਅਵੇੜਿਆਂ ਨੂੰ
ਊਠਾਂ ਨੇ ਹੰਢਾ ਲਿਆ..
ਦੱਸਿਆ ਹਵਾਵਾਂ ਨੇ ਵੀ
ਖੁਰੇ ਪਿੱਛੇ ਖੁਰਦੀਆਂ
ਕਿੰਨੀਆਂ ਹੀ ਸੱਸੀਆਂ ਨੂੰ
ਥਲਾਂ ਨੇ ਵਰਾ ਲਿਆ..

ਨੇਹੁੰ ਦੀਆਂ ਚਸਕਾਂ ਨੂੰ
ਨਾਮ ਤੇਰਾ ਲੈਂਦਿਆਂ ਵੇ
ਸਗਲੇ ਤੇ ਕੰਗਣ 'ਆਂਗੂੰ
ਰੂਹ ਨਾ ਛੁਹਾ ਲਿਆ..
ਵੇਖ ਏਨਾ ਚਸਕਾਂ ਨੇ
ਰੰਗ ਪੀਲ਼ਾ ਝਾੜ ਕੇ
ਆਥਣਾਂ ਦੀ ਲਾਲੀਮਾ ਨੂੰ
ਸਾਹਾਂ ' ਰਲ਼ਾ ਲਿਆ..

ਯੁੱਗਾਂ ਦੇ ਖੁਗੋਲ ਨੂੰ
ਪਲਾਂ ਦੀਆਂ ਖਿੱਤੀਆਂ '
ਸਹਿਜੇ ਹੀ ਸਮੇਟ ਕੇ
ਆਪੇ ' ਵਸਾ ਲਿਆ
ਜਿੱਥੇ ਜਿੱਥੇ ਘੁੰਗਰੂ ਦੇ
ਨਾਲ ਵੱਜੇ ਇਕਤਾਰਾ
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ..
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ....
====
ਅਸੀਂ ਤਿੜਕ ਹੰਢਾਵਣ ਹਾਰੇ !
 ਨਜ਼ਮ
ਨਾਂ ਦਾ ਸਾਂਵਲ ਰੁੱਖ ਸੁਨਹਿਰੀ
ਅੱਲ੍ਹੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾ ਚੋਬਰ ਰਾਗੀਆ ਵੇ
ਪਾ ਜਾ ਸਦਕੇ ਝੋਲ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲ੍ਹਕ ਸੰਵਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !

ਸੁਰਖ਼ ਸਮਾਧੀਆਂ ਵਿੱਚ ਮਲੰਗ
ਦੋ ਜੋਗੀ ਜੋਗ ਧੁਖੇਂਦੇ,
ਨੈਣਾਂ ਦਾ ਸਿੰਗਾਰ ਸੱਜਣ
ਬਸ ਇਸ ਧੂਣੀ ਦੇ ਲੇਖੇ !
ਇੱਕ ਤੜਪ ਸੀ ਧੁਰੋਂ ਮਿਲ਼ੀ
ਕੁਝ ਤਾਂ ਵੀ ਨੈਣਾ ਕਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !

ਚੇਤਿਆਂ ਦੇ ਵਿੱਚ ਘੁਲ਼ਿਆ ਚੇਤਰ
ਨਾ ਤਦ ਪੋਟਿਆਂ ਥਾਣੀਂ ਸਿੰਮੇ,
ਅੰਤਰ ਪੀੜਾ ਦੀ ਖ਼ੁਸ਼ਬੋਈ
ਜਾਲ਼ ਦਵੇ ਜਦ ਸੁਫ਼ਨੇ ਨਿੰਮੇ !
ਜਾਗਦੀਆਂ ਨੀਂਦਾਂ ਦੇ ਟੋਲੇ
ਤੋਂ ਜਾਵਾਂ ਤਾਈਓਂ ਬਲਿਹਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !

ਰਾਤਾਂ ਡਾਹਢੀਆਂ ਕਾਲ਼ੀਆਂ ਚੰਦਰ
ਨਾ ਦਿਨਾਂ 'ਤੇ ਨੂਰ ਚੜ੍ਹੇ,
ਵਾਟਾਂ ਗੁੰਮੀਆਂ ਅਧ ਵਾਟਿਓਂ
ਸੰਗੀ ਸਿਦਕੋਂ ਟੁੱਟ ਝੜੇ !
ਨਾ ਕੋਈ ਦੋਸ਼ੀ ਨਾ ਬੇਗੋਸ਼ੀ
ਆਪ ਹੀ ਸਾਈਂ ਕਰਮਾਂ ਮਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !

ਨਾਂ ਦਾ ਸਾਂਵਲ ਰੁੱਖ ਸੁਨਹਿਰੀ
ਅੱਲੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾਹ ਚੋਬਰ ਰਾਹੀਆ ਵੇ
ਪਾ ਜਾ ਸਦਕੇ ਝੋਲ਼ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲ੍ਹਕ ਸੰਵਾਰੇ,
ਦੂਰ ਖਲੋਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !