Friday, October 19, 2012

ਨਵ ਢੇਰੀ - ਆਰਸੀ 'ਤੇ ਖ਼ੁਸ਼ਆਮਦੇਦ




ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਨਵ ਢੇਰੀ
ਅਜੋਕਾ ਨਿਵਾਸ: ਹੁਸ਼ਿਆਰਪੁਰ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ
=====
ਸਰਪ-ਅਚੰਭੇ
ਨਜ਼ਮ
ਈਕਣ ਚੰਨ ਧਰਤੀ ਦੇ ਸਿਰ 'ਤੇ,
ਬੈਠਾ ਲਾਡ ਲਡਾਵੇ ਕਿ,
ਜੀਕਣ ਸਰਪ ਵਣਾਂ ਵਿਚ ਰਾਜਾ,
ਕੁਲਿਕ ਨਾਗ ਮਣੀ ਚੁੰਮ ਸੋਵੇ,
ਧਰਤੀ ਦੋ ਤੱਤਾਂ ਤੱਕ ਸੀਮਤ,
ਅਰਨੈਣੀ ਸੰਗ ਭੋਗ ਕਰੇਂਦੀ,
ਨਾਗ ਮਾਤਾ ਜਿਉਂ ਸੂਰਸਾ ਦੇਵੀ,
ਕੁਦਰਤ ਸੰਗ ਹਮਬਿਸਤਰ ਹੋਵੇ...

ਪਿੱਪਲ ਜੀਕਣ ਸੱਪ ਖੜੱਪਾ,
ਵਿੱਚ ਉਜਾੜਾਂ ਫ਼ਨ ਖਿਲਾਰੀ,
ਅਹੀ ਸਰਪਣੀ ਰੂਪੀ ਪੌਣਾਂ,
ਦੀ ਕੁੰਡਲੀ ਵਿੱਚ ਫਸਦਾ ਜਾਵੇ,
ਤਾਰਾਮੰਡਲੋਂ ਨਿੱਖੜ ਪੂਛਲ,
ਨੌਂ ਖੰਡਾਂ ਦੀਆਂ ਤੈਹਾਂ ਚੀਰੇ,
ਜਿਉਂ ਧਾਮਨ ਕੋਈ ਚਮਕ ਖਿਲਾਰੀ,
ਵਿੱਚ ਵਾਹਣਾਂ ਦੇ ਨੱਸਦਾ ਜਾਵੇ...

ਗਰਜ ਗਰਜ ਕੇ ਚਿੱਟੇ ਬੱਦਲ,
ਹੰਭੇ ਪਰ ਕਾਲ਼ੀ ਬਦਲੋਟੀ,
ਨਾਗ ਭੁਯੰਗਮ ਜਿਉਂ ਧਰਤੀ ਦੀ,
ਹਿੱਕੜੀ 'ਤੇ ਫੁੰਕਾਰਾ ਮਾਰੇ,
ਤੇ ਧਰਤੀ ਜਿਉਂ ਸਗਲ ਸਰਪਣੀ,
ਤਿਲਕ ਧਾਰੀ ਡੱਸੀ ਨਾ ਜਾਵੇ,
ਪਰ ਸੁੱਤੇ ਪਏ ਨੀਲ ਸਰਾਂ ਨੂੰ,
ਜ਼ਹਿਰ ਚੜੇ ਜਿਉਂ ਆਪ ਮੁਹਾਰੇ....

ਧਰਤੀ ਜੀਕਣ ਸ਼ੇਸ਼ ਨਾਗ ਕੋਈ,
ਇੱਕ ਸਦੀ ਮਗਰੋਂ ਦੇਹ ਪਲਟੇ,
ਤੇ ਬ੍ਰਹਿਮੰਡ ਜਿਉਂ ਅਹਿਵਰ ਸੱਪ ਦੀ,
ਸੁੰਦਰਤਾ ਅਸੀਮ ਕਹਾਵੇ,
ਅਜਬ ਅਚੰਭੇ ਕਰਦੀ ਕੁਦਰਤ,
ਈਕਣ ਅਨਹਦ ਨਾਦ ਵਜਾਵੇ,
ਜਿਉਂ ਅਫ਼ਸੁਰਦਾ ਸ਼ਾਂਤਮਈ ਕੋਈ,
ਵਿੱਚ ਸਮਾਧੀ ਲੀਨ ਹੋ ਜਾਵੇ...
=====
ਆਤਮ ਹੱਤਿਆ
ਨਜ਼ਮ
ਦਿਲ ਦੇ ਵਾਹਣੀਂ ਬਿਰਹੋਂ ਜਿੰਮੇ,
ਜੇਠੇ ਗ਼ਮ ਦੇ ਛਿੱਟੇ,
ਕੱਲਰਧਾਰੀ ਛੰਬਾਂ ਕੁੱਖੋਂ,
ਪੀੜ ਸੇਮਾ ਬਣ ਫਿੱਟੇ,
ਸ਼ਾਹ ਕਾਲੀਆਂ ਨੰਗੀਆਂ ਧੁੱਪਾਂ,
ਨੇਹਰੇ ਦੁੱਧੋਂ ਚਿੱਟੇ,
ਰਾਖ਼ਸ਼ ਰੂਪੀ ਬਾਂਝ ਅਚੰਭੇ,
ਕਿਸ ਜੰਮੇ ਕਿਸ ਦਿੱਤੇ...?

ਸਤਵਰਗੇ ਦੀ ਰਾਖ ਸੜੇਂਦੀ,
ਸੰਗ ਮਟੈਲ਼ੇ ਪਿੱਤੇ,
ਚੀਸਾਂ ਸੰਗ ਨਿਰਲੋਈ ਦੇਹੀ,
ਲੋਚੇ ਕਾਮੀ ਕਿੱਤੇ,
ਹਿਜਰਾਂ ਢਿੱਡੀਂ ਗ਼ਮ ਭਰੂਣੇ,
ਬੱਝੇ ਕਾਲ ਦੀ ਹਿੱਤੇ,
ਪੀੜਾਂ ਸਨਮੁੱਖ ਰੂਹ ਵਿਛੁੰਨੀ,
ਕੀਕਣ ਛਾਤੀ ਪਿੱਟੇ..?

ਨੈਣੀਂ ਉਜਵਲ ਮੈਲ਼ੇ ਚਾਨਣ,
ਕਾਲ਼ੇ ਚੰਨੋ ਲੀਤੇ,
ਲਰਜ਼ਣ ਪਾਣੀ ਖਾਰੇ ਖਾਰੇ,
ਚੁੰਮ ਨੈਣਾਂ ਦੇ ਗਿੱਟੇ,
ਯਾਦਾਂ ਦੇ ਹਮਸਾਏ ਸੁਫ਼ਨੇ,
ਅਣਜੰਮਿਆ ਹੀ ਸਿੱਟੇ,
ਕ਼ਾਤਿਲ ਬਣ ਜਿੰਦੜੀ ਦੀ ਸੌਂਕਣ,
'ਆਤਮਹੱਤਿਆ' ਜਿੱਤੇ !!!!
=====
ਜੋਤ
ਨਜ਼ਮ

ਸ਼ਹਿਰ ਮੇਰੇ ਦੀਆਂ ਕ਼ਬਰਾਂ ਵੱਲੇ,
ਰਾਖ਼ਸ਼ ਰੂਪੀ ਗਗਨ ਥੱਲੇ,
ਚੱਪਾ ਥਾਂ ਇਕ ਦੀਵਾ ਮੱਲੇ,
ਤੇਲ ਤਲੀ ਕੁ ਜਿਹਦੇ ਪੱਲੇ,
ਦੋ ਕ਼ਬਰਾਂ ਦੀ ਵਿੱਥ ਵਿਚਾਲੇ,
ਜੋਤ ਜਗੇਂਦੀ ਰਤਾ ਨਾ ਠੱਲ੍ਹੇ,
ਨਮ ਹਵਾਵਾਂ ਖਾੜੀ ਘੱਲੇ,
ਪਰ ਇਹ ਨਮੀ ਨਾ ਜੋਤੀ ਝੱਲੇ,
ਦੋਹੇਂ ਸੁੱਤੀਆਂ ਕ਼ਬਰਾਂ ਉੱਤੇ,
ਰੋਜ਼ ਆ ਬੈਠਣ ਜੁਗਨੂੰ ਝੱਲੇ,
ਚੁਗਣ ਹਨੇਰਾ ਕੱਲਮ-ਕੱਲੇ,
ਚੌਰ ਕਰੇਂਦੇ ਬੋਹੜ ਦੁਵੱਲੇ,
ਨਾਗਾਂ ਦਾ ਇੱਕ ਕਾਣਾ ਜੋੜਾ,
ਕੰਢਿਆਂ ਉੱਤੇ ਕੂੰਜ ਲੁਹੀਵੇ,
ਕੌੜਾ ਘੁੱਟ ਚਾਨਣ ਦਾ ਪੀਵੇ,
ਕ਼ਬਰੀਂ ਘੋਰ ਸੰਨਾਟਾ ਥੀਵੇ,
ਭੂਤਾਂ ਦਾ ਹੈਵਾਨੀ ਟੋਲਾ,
ਦੇਖ ਦੀਵੇ ਦੀ ਲਾਟ ਡਰੀਵੇ,
ਝਿੜੀਆਂ ਵਿਚਲਾ ਚਿੱਟਾ ਉੱਲੂ,
ਅੰਬਰ ਦੇ ਹੱਥ ਚੰਨ ਧਰੀਵੇ,
ਦੋ ਮੂੰਹਾ ਇੱਕ ਪੀਲਾ ਡੱਡੂ,
ਦਲਦਲ ਵਿੱਚੋਂ ਕੀਟ ਚੁਗੀਵੇ,
ਜਿਉਂ ਜਿਉਂ ਰਾਤ ਗੁਜ਼ਰਦੀ ਜਾਵੇ,
ਜੋਤ ਦੀਵੇ ਦੀ ਮਰਦੀ ਜਾਵੇ,
ਕਾਲੀ ਬਿੱਲੀ ਕ਼ਬਰਾਂ ਉਹਲੇ,
ਭਖ-ਭਖ ਤਾਂਡਵ ਕਰਦੀ ਜਾਵੇ,
ਤੰਤਰ-ਮੰਤਰ ਪੜ੍ਹਦੀ ਜਾਵੇ,
ਦੀਵੇ ਵਾਂਗਣ ਸੜਦੀ ਜਾਵੇ,
ਚਿੱਟੀ ਬਦਲੀ ਅਗਨ ਕੁੰਡ ਦੇ,
ਧੂੰਏਂ ਦਾ ਰੰਗ ਫੜਦੀ ਜਾਵੇ,
ਬਿੱਲੀ ਫੜ ਫੜ ਬੋਹੜ ਦੇ ਬੋਦੇ,
ਗਗਨਾਂ ਉੱਤੇ ਚੜ੍ਹਦੀ ਜਾਵੇ,
ਜੋਤ ਦੀਵੇ ਦੀ ਧਰਤੀ ਮੱਥੇ,
ਪੀਲਾ ਟਿੱਕਾ ਜੜਦੀ ਜਾਵੇ,
ਦਿਹੁੰ ਦੇਵ ਫਿਰ ਸ਼ਰਮੋ-ਸ਼ਰਮੀ,
ਅਰਨੈਣੀ ਨੂੰ ਤ੍ਰੇਲ ਪਿਆਵੇ,
ਪਰ ਨਾ ਕੂਲੇ ਅੰਗ ਛੁਹਾਵੇ,
ਤਾਹੀਓਂ ਨਿਰਮਲ ਛੋਹਾਂ ਬਾਝੋਂ,
ਲਾਜਵੰਤੜੀ ਨਾ ਕੁਮਲਾਵੇ,
ਪਰ ਚੰਨ ਨੂੰ ਲੱਜਿਆ ਆਵੇ,
ਤੇ ਸੂਰਜ ਪਿਆ ਝਲਕ ਵਿਖਾਵੇ,
ਕਿਰਨਾਂ ਦੇ ਸੰਗ ਪੈਲਾਂ ਪਾਵੇ,
ਕਾਲੀ ਬਿੱਲੀ ਦੌੜੀ ਜਾਵੇ,
ਮੁੜ ਨਾ ਕ਼ਬਰਾਂ ਵੱਲੇ ਆਵੇ,
ਖ਼ੌਰੇ ਉਹਨੂੰ ਕੀ ਡਰ ਖਾਵੇ,
ਚਾਹ ਕੇ ਵੀ ਜੋ ਨਾ ਮੁੜ ਪਾਵੇ,
ਸੁੰਭ ਦਾਨਵ ਦਾ ਨਾਮ ਧਿਆਵੇ,
ਅਰਨੈਣੀ ਬੈਠੀ ਮੁਸਕਾਵੇ,
ਕ਼ਬਰਾਂ ਉੱਤੇ ਚਿੱਤਰ ਵਾਹਵੇ,
ਬ੍ਰਹਿਮੰਡੋਂ ਧਰੂ ਤਾਰਾ ਲਾਹਵੇ,
ਬ੍ਰਹਮਪੁੱਤਰ ਦੇ ਵਿੱਚ ਸਮਾਵੇ,
'ਵਾ ਪੁਰੇ ਦੀ ਚਲਦੀ ਜਾਵੇ,
ਕੁਦਰਤ ਧੁੱਪਾਂ ਮਲ਼ਦੀ ਜਾਵੇ,
ਚਹੁੰ ਯੁੱਗਾਂ ਤੋਂ ਇੰਝ ਨਿਰੰਤਰ ,
ਜੋਤ ਸਦੀਵੀ ਬਲ਼ਦੀ ਜਾਵੇ....