Saturday, February 16, 2013

ਹਰਮਨ ਜੀਤ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਹਰਮਨ ਜੀਤ
ਅਜੋਕਾ ਨਿਵਾਸ: ਮਾਨਸਾ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ
=====
ਵੇ ਮੈਂ ਆਵਾਜ਼ ਵਰਗੀ ਹਾਂ....
ਨਜ਼ਮ
ਗੁਟਕਦੇ ਬੁਲਬੁਲਾਂ ਵਾਕਣ
ਤੇਰੇ ਦੋ ਹੱਥ ਚੁੰਮ ਲਾਂ 'ਗੀ
ਛਣਕਦੀ ਵੰਗ ਤੋਂ ਚੋਰੀ
ਮੈਂ ਆਪਣੀ ਸੰਗ ਤੋਂ ਚੋਰੀ।

ਵੇ ਮੈਂ ਆਵਾਜ਼ ਵਰਗੀ ਹਾਂ
ਤੇਰੇ ਬੁੱਲ੍ਹਾਂ 'ਚੋਂ ਕਿਰਦੀ ਹਾਂ
ਜੋ ਆਪਣੀ ਬਾਤ ਪਾਉਂਦੇ
ਆਪਣੇ ਪ੍ਰਸੰਗ ਤੋਂ ਚੋਰੀ।

ਜਹਾਂ ਵਿੱਚ ਸ਼ੋਰ ਕਿੰਨਾ ਹੈ
ਪਤਾ ਨਈ ਹੋਰ ਕਿੰਨਾ ਹੈ
ਸਮੇਂ ਦੀ ਅੱਖ ਤੋਂ ਛੁਪ ਕੇ
ਹਵਾ ਦੇ ਰੰਗ ਤੋਂ ਚੋਰੀ।

ਵੇ ਤੈਨੂੰ ਵੇਖ ਕੇ ਜਲ਼ ਪੈਂਦੀਆਂ
ਮੱਥੇ 'ਚ ਫੁੱਲਝੜੀਆਂ
ਗੁਲਾਬੀ ਪੋਸ਼ ਵੀ ਹੱਸਦੈ
ਮਰਮਰੀ ਅੰਗ ਤੋਂ ਚੋਰੀ।

ਸੁਲਗਦੇ ਚੇਤਿਓਂ ਕੱਢ ਕੇ
ਤੁਰਾਂਗੀ ਤਪਦੀਆਂ ਕਿਰਨਾਂ
ਵੇ ਮੈਂ ਕਕਰੀਲੀਆਂ ਪੌਣਾਂ ਦੇ
ਪੋਹੀ ਡੰਗ ਤੋਂ ਚੋਰੀ।

ਦਮਾਂ ਦੀ ਢੱਡ ਪਈ ਵੱਜੇ
ਤੇ ਮੁੱਠੀ ਜਾਨ ਆ ਜਾਵੇ
ਛਣਕਦੇ ਘੁੰਘਰੂ ਖੜਤਾਲ ਤੇ
ਮਿਰਦੰਗ ਤੋਂ ਚੋਰੀ।

ਪਹਾੜੀ ਖੁੱਡ ਦੇ ਅੰਦਰ
ਕਦੋਂ ਸੁਬਕੀਲੀਆਂ ਕੂੰਜਾਂ
ਨੇ ਬਚ ਕੇ ਆਉਂਦੀਆਂ ਸੱਜਣਾ
ਚਰਗ ਦੇ ਫੰਗ ਤੋਂ ਚੋਰੀ।

ਮਿਲਾਂਗੇ ਆਬਸ਼ਾਰੀ ਮੱਸਿਆ
ਦੀ ਗੋਦ ਵਿੱਚ ਆਪਾਂ
ਤੂੰ ਆਪਣੇ ਤਖ਼ਤ ਤੋਂ ਚੋਰੀ
ਮੈਂ ਆਪਣੇ ਝੰਗ ਤੋਂ ਚੋਰੀ।

======
ਅੱਜ ਵਣਖੰਡਾਂ ਨੇ ਟਹਿਕੀਆਂ....
ਨਜ਼ਮ
ਅੱਜ ਵਣਖੰਡਾਂ ਨੇ ਟਹਿਕੀਆਂ
ਕੁੱਲ ਧਰਤ ਨੂੰ ਚੜ੍ਹਿਆ ਚਾਅ।।
ਅੱਜ ਮੇਘ ਧੂਸਰੇ ਛਟ ਗਏ
ਤੇ ਛਤਰ ਗਿਆ ਨਿੰਬਲਾ।।
ਅੱਜ ਸੁੱਤੀ ਮਿੱਟੀ ਜਾਗ ਪਈ
ਤੇ ਜਾਗ ਪਏ ਦਰਿਆ।।
ਅੱਜ ਰੱਕੜਾਂ ਦੀ ਕੋਈ ਹਿੱਕ 'ਤੇ
ਗਿਆ ਮਹਿਕ ਦਾ ਅੱਖਰ ਵਾਹ।।
ਅੱਜ ਸੱਭੋ ਚਸ਼ਮੇ ਬਹੁਲੀਆਂ
ਸਭ ਝਰਨੇ ਰਹੇ ਮਸਤਾ।।
ਗਏ ਪਰਬਤ ਗਿਰੀਆਂ ਚੋਟੀਆਂ
ਹੋ ਗਿੱਠ ਗਿੱਠ ਹੋਰ ਉਤਾਂਹ।।
ਕੋਈ ਫਿੱਕੀ ਜੇਹੀ ਸਰਘੜੀ
ਗਿਆ ਰੰਗਾਂ ਵਿੱਚ ਨ੍ਹਹਾ।।
ਅੱਜ ਨਿੱਖਰ ਆਉਣਾ ਖਿੱਤੀਆਂ
ਤੇ ਚੜ੍ਹਨਾ ਚੰਦ ਨਵਾਂ।।
ਅੱਜ ਅੱਡੀਆਂ ਨੱਚਣ ਲੱਗੀਆਂ
ਤੇ ਨੈਣ ਗਏ ਸੁਲਫ਼ਾ।।
ਅੱਜ ਜਟਾਂ ਜਟੂਰੇ ਬੋਦੜੇ ਗਏ
ਬਿਨ ਤੇਲੋਂ ਥਿੰਦਿਆ।।
ਅੱਜ ਧੁੱਪਾਂ ਧਿਆਨ ਧਰੇਂਦੀਆਂ
ਪੜ੍ਹ ਵਰਤਮਾਨ ਗੁਟਕਾ।।
ਅੱਜ ਮੌਸਮ ਨੇ ਮਿਜ਼ਰਾਬੜੇ ਲਏ
ਉਂਗਲਾਂ ਦੇ ਵਿੱਚ ਪਾ।।
ਅੱਜ ਪੌਣ ਸ਼ਰੀਹ ਦੀ ਡਾਲੀਏ
ਰਹੀ ਫਲੀਆਂ ਨੂੰ ਛਣਕਾ।।
ਪਏ ਅੱਡੀਆਂ ਚੁੱਕ ਚੁੱਕ ਵੇਖਦੇ
ਅੱਜ ਕਿੱਕਰਾਂ ਤੇ ਫਰਮਾਂਹ।।
ਕਹਿੰਦੇ ਵਾਟ ਲੰਮੇਰੀ ਮਾਰਦਾ
ਇੱਕ ਸਾਧੂ ਲੰਘ ਰਿਹਾ।।
ਜੀਹਦੇ ਮਣੀਆਂ ਮੱਥੜੇ ਸਾਹਮਣੇ
ਗਏ ਸੂਰਜ ਵੀ ਕਚਿਆ।।
ਜਿਨ ਦਸਤੀਂ ਕਸਬ ਕਹਾਣੀਆਂ
ਤੇ ਪੈਰਾਂ ਦੇ ਵਿੱਚ ਰਾਹ।।
ਜੋ ਬ੍ਰਹਮ ਜਨੇਊ ਪਹਿਨਦਾ
ਸੂਤਰ ਨੂੰ ਦੂਰ ਵਗਾਹ।।
ਜੋ ਲੱਲੀ ਉਮਰੇ ਚੱਲਿਆ
ਪਾਂਧੇ ਨੂੰ ਪੜ੍ਹਨੇ ਪਾ।।
ਜੋ ਅੱਥਰਾ ਹੀ ਅਲਬੇਲੜਾ
ਜੀਹਦੇ ਸੀਸ ਭੁਜੰਗੀ ਛਾਂ।।
ਓਹ ਬੇਦੜੀਆਂ ਦਾ ਛੋਕਰਾ
ਜੋ ਡਾਢਾ ਬੇਪ੍ਰਵਾਹ।।
ਜੋ ਨਾਲ ਅਸਾਂ ਦੇ ਖੇਲਿਆ
ਜੀਹਦਾ ਨਾਨਕ ਨਾਮ ਪਿਆ।।
ਅੱਜ ਤੁਰਿਆ ਸਿਦਕੀ ਜੋਗੜਾ
ਚਾਨਣ ਦਾ ਦੀਪ ਜਗਾ।।
ਲੈ ਬੇ-ਥਕਾਵਟ ਪਿੰਜਣੀਆਂ
ਲੈ ਰੱਬੀ ਨਾਮ ਨਸ਼ਾ।।
ਕੀ ਆਖਾਂ ਓਹਦੇ ਬਾਬਤਾਂ
ਮੇਰਾ ਤਨ ਜਾਵੇ ਕੰਡਿਆ।।
ਯੁੱਗਾਂ ਯੁੱਗਾਂ ਦੀ ਭੈਣ ਨਾਨਕੀ
ਮੋਢਾ ਥਾਪੜਿਆ।।
ਅੱਜ ਫੇਰੂ ਸਾਜ਼ ਰਬਾਬੜੀ
'ਚੋਂ ਸ਼ਬਦਾਂ ਲੈਣੇ ਸਾਹ।।
ਹੁਣ ਸੱਭੋ ਟੋਏ ਪੂਰਨੇ
ਸਭ ਟਿੱਬੇ ਦੇਣੇ ਵਾਹ।।
ਹੱਥ ਫੜ੍ਹ ਕੇ ਚਿੱਪੀ ਇਸ਼ਕ ਦੀ
ਸਿਰ ਇਲਮ ਛਾਬੜਾ ਚਾ।।
ਸੁਲਤਾਨਪੁਰੇ ਦੀ ਵਲਗਣੋਂ
ਅੱਜ ਉੱਠਿਆ ਆਪ ਖੁਦਾ।।
ਮੈਂ ਤੇਰੇ ਪੈਰੀਂ ਨਾਨਕਾ ਕੁੱਲ
ਜੀਵਨ ਰੱਖ ਲਿਆ।।
ਤੇ ਤੇਰੇ ਪੈਰੋਂ ਉੱਡੀਆਂ
ਧੂੜਾਂ ਨੂੰ ਚੱਖ ਲਿਆ।।
ਮੈਨੂੰ ਚਹੁੰ ਕੂਟੀਂ ਹੀ ਜਾਪਦਾ
ਬੱਸ ਤੇਰਾ ਅਕਸ ਜਿਹਾ।।
ਇੱਕ ਰੀਝ ਕਰੇ ਦਿਲ ਨਿੱਤਰੀ
ਤੇ ਲੈਂਦਾ ਇੱਕ ਸੁਪਨਾ।।
ਜਿੱਥੇ ਯਸ਼ਬ ਮਿਲੇਂਦੇ ਸੁੱਚੜੇ
ਤੇ ਕੁਰਮ ਵਗੇ ਦਰਿਆ।।
ਤੇਰੀ ਬੁੱਕਲ ਦੇ ਵਿੱਚ ਪਾਤਸ਼ਾਹ
ਮੇਰੇ ਨਿੱਕਲ ਜਾਵਣ ਸਾਹ।।
ਤੂੰ ਡੂੰਮ-ਏ-ਖੁਦਾਈ ਥੀਂਵਦਾ
ਮੈਂ ਤੇਰਾ ਡੂੰਮ ਰਹਾਂ।।
ਬੱਸ ਮੈਂ ਤੇਰਾ ਮਰਦਾਨੜਾ
ਤੂੰ ਮੇਰਾ ਨਾਨਕਵਾ