Friday, March 8, 2013

ਆਰਸੀ ‘ਤੇ ਖ਼ੁਸ਼ਆਮਦੇਦ – ਸਰਬਜੀਤ ਸਿੰਘ - ਯਾਦਾਂ




ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸਰਬਜੀਤ ਸਿੰਘ
ਅਜੋਕਾ ਨਿਵਾਸ
ਦੁਬਈ, ਯੂ ਏ ਈ
ਆਰਸੀ ਨਾਲ਼ ਸੰਪਰਕ ਸਰੋਤ - ਫੇਸਬੁੱਕ
=======
ਇਕ ਕੁੜੀ ਭਾਗ-੩
ਯਾਦਾਂ
ਜਦੋਂ ਅਸੀਂ ਕਾਲਜ ਜਾਣ ਲਈ ਬੱਸ ਵਿਚ ਬੈਠੇ, ਉਹ ਬਹੁਤ ਖ਼ੁਸ਼ ਸੀ.... ਗੁਲਾਬੀ ਭਾਹ ਮਾਰਦਾ ਉਸਦੇ ਚਿਹਰੇ ਦਾ ਰੰਗ, ਉਸਦੀਆਂ ਝੁਕੀਆਂ ਹੋਈਆਂ ਪਲਕਾਂ ਅਤੇ ਬਾਹਰ ਸੜਕ ਕੰਢੇ ਲੱਗੇ ਸਫੈਦੇ ਦੇ ਰੁੱਖਾਂ ਦੇ ਤੇਜ਼ ਤੇਜ਼ ਪਿੱਛੇ ਨਿਕਲ਼ ਜਾਣ ਨੇ ਮੈਨੂੰ ਬਹੁਤ ਬੇਚੈਨ ਕਰ ਦਿੱਤਾ ਸੀ।

 ਮੈਂ ਉਸ ਪਲ ਨੂੰ ਉਥੇ ਹੀ ਰੋਕ ਦੇਣਾ ਚਾਹੁੰਦਾ ਸੀ ਪਰ ਮੇਰੇ ਵਸ
ਚ ਨਹੀਂ ਸੀ ਕੁਛ, ਨਾ ਉਹ ਸਮਾਂ ਤੇ ਨਾ ਉਹ ਦਿਲ ਦੀ ਤੜਪ, ਦਿਲ ਕਰਦਾ ਸੀ ਬੱਸ ਉਸਨੂੰ ਵੇਖੀ ਜਾਵਾਂ ਜਿਵੇਂ ਕਿਸੇ ਕੁਦਰਤੀ ਨਜ਼ਾਰੇ ਨੂੰ ਅੱਖਾਂ ਵਿਚ ਕ਼ੈਦ ਕਰਨ ਦੀ ਤੜਪ ਇਕ ਸੈਲਾਨੀ ਵਿਚ ਹੁੰਦੀ ਹੈ ਇਹੋ ਜਿਹਾ ਹਾਲ ਕੁਝ ਮੇਰਾ ਹੋ ਰਿਹਾ ਸੀ ਮੈਨੂੰ ਇੰਝ ਲੱਗ ਰਿਹਾ ਸੀ ਕਿ ਬੱਸ ਆਪਣੀ ਨਿਸ਼ਚਿਤ ਗਤੀ ਤੋਂ ਕਿਤੇ ਵਧੇਰੇ ਤੇਜ਼ ਗਤੀ ਨਾਲ ਚੱਲ ਰਹੀ ਸੀ।

ਮੈਂ ਡਰਦੇ ਡਰਦੇ ਨੇ ਉਸਦੇ ਹੱਥ
ਤੇ ਹੱਥ ਰੱਖਿਆ ਸੀ.... ਡਰਦਾ ਸਾਂ ਕਿਤੇ ਉਹ ਮੈਨੂੰ ਗ਼ਲਤ ਨਾ ਸਮਝ ਲਵੇ, ਪਰ ਇਹ ਮੇਰੇ ਉਸ ਪ੍ਰਤੀ ਪਿਆਰ ਦਾ ਪ੍ਰਗਟਾਵਾ ਮਾਤਰ ਹੀ ਸੀ, ਮੇਰੇ ਮਨ-ਅੰਤਰ ਚ ਚੱਲ ਰਹੇ ਭੂਚਾਲ ਨੂੰ ਪੜ੍ਹਨ ਲੱਗਿਆਂ ਉਸਨੂੰ ਬਹੁਤਾ ਸਮਾ ਨਹੀਂ ਸੀ ਲੱਗਿਆ ਉਸਨੇ ਝੱਟ ਦੂਜੇ ਹੱਥ ਨਾਲ ਮੇਰਾ ਹੱਥ ਫੜ ਕੇ ਆਪਣੀ ਬਾਂਹ ਵਿਚ ਰੱਖਦਿਆਂ ਬੋਲੀ ਸੀ ਸਰਦਾਰ ਜੀ ਹੱਥ ਏਦਾਂ ਨਹੀ, ਏਦਾਂ ਫੜੀਦਾ ਹੈਤੇ ਨਾਲ ਹੀ ਉਹ ਖਿੜ ਖਿੜਾ ਕੇ ਹੱਸ ਪਈ, ਮੈਂ ਉਸ ਵੱਲ ਦੇਖਦਾ ਰਹਿ ਗਿਆ ਤੇ ਉਸਨੇ ਪਲਕਾਂ ਝੁਕਾ ਲਈਆਂ।

ਮੈਂ ਉਸ ਦੀ ਇਸ ਸਹਿਜ ਸ਼ਰਾਰਤ ਨੂੰ ਬਹੁਤ ਦੇਰ ਤੱਕ ਆਪਣੇ ਵਿਚ ਸਮੇਟੀ ਅੱਜ ਤੀਕ ਜ਼ਿੰਦਗੀ ਦੇ ਕਈ ਲੰਬੇ ਪੈਂਡੇ ਤੈਅ ਕਰ ਆਇਆ ਹਾਂ। ਅੱਜ ਵੀ ਕਾਲਜ ਵਾਲ਼ੇ ਰਾਹੇ ਜਦੋਂ ਕਿਤੇ ਰੋਡਵੇਜ਼ ਦੀ ਕਿਸੇ ਲਾਰੀ ਵਿਚ ਬਹਿੰਦਾ ਹਾਂ ਤਾਂ ਉਸ ਅਹਿਸਾਸ ਨੂੰ ਧੁਰ ਅੰਦਰ ਤੀਕ ਮਹਿਸੂਸ ਕਰਦਾ ਹਾਂ ਜਦੋਂ ਰੁੱਖ ਤੇਜ਼ ਤੇਜ਼ ਮੇਰੇ ਕੋਲੋਂ ਨਿਕਲ਼ਦੇ ਹਨ ਤਾਂ ਬਾਰੀ ਵਾਲੇ ਪਾਸੇ ਬੈਠੀ ਉਸ ਕੁੜੀ ਨੂੰ ਟੋਲਦਾ ਹਾਂ ਜਿਵੇਂ ਉਹਨਾਂ ਤੇਜ਼ ਗੁਜ਼ਰਦੇ ਰੁੱਖਾਂ ਵਿਚੋਂ ਉਹ ਅੱਜ ਵੀ ਕਹਿ ਰਹੀ ਹੋਵੇ ਸਰਦਾਰ ਜੀ! ਹੱਥ ਏਦਾਂ ਨਹੀ, ਏਦਾਂ ਫੜੀਦਾ ਹੈ....ਤੇ ਉਸਦਾ ਉਹ ਹਾਸਾ ਮੇਰੇ ਧੁਰ ਅੰਦਰ ਤੀਕ ਗੂੰਜ ਉੱਠਦਾ ਹੈ ਤੇ ਮੈਂ ਕਿਸੇ ਅਸੀਮ ਆਨੰਦ ਦੀ ਅਵੱਸਥਾ ਨੂੰ ਆਪਣੇ ਆਲੇ ਦੁਆਲੇ.... ਆਪਣੇ ਆਪ ਨਾਲ਼-ਨਾਲ਼ ਮਹਿਸੂਸ ਕਰਦਾ ਹਾਂ।