Sunday, September 16, 2012

ਕਮਲ ਕਕਰਾਲਾ - ਆਰਸੀ 'ਤੇ ਖ਼ੁਸ਼ਆਮਦੇਦ

 ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਕਮਲ ਕਕਰਾਲਾ
ਅਜੋਕਾ ਨਿਵਾਸ: ਪਟਿਆਲਾ
ਆਰਸੀ ਨਾਲ਼ ਸੰਪਰਕ ਸਰੋਤ: ਆਰਸੀ ਬਲੌਗ ਅਤੇ ਫੇਸਬੁੱਕ


ਡਾਚੀ

ਗੀਤ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ ਤੋਰ
ਮੈਂ ਪਤਲੀ ਟਾਹਣੀ ਅੱਕ ਦੀ
ਮੇਰੇ ਲੱਕ ਤੇ ਪੈਂਦਾ ਜ਼ੋਰ

ਹਾਏ! ਨਵੀਆਂ ਪਿੱਪਲ ਪੱਤੀਆਂ
ਮੇਰੇ ਦੁਖਣ ਲੱਗੇ ਕੰਨ
ਲੈਣ ਹਾੜ੍ਹ ਤਪੇਂਦੇ ਆ ਗਿਆਂ
ਤੂੰ ਸੂਹਾ ਚੀਰਾ ਬੰਨ੍ਹ
ਮੁੜ੍ਹਕੇ ਦੇ ਨਾਲ਼ ਭਿੱਜ ਗਈ
ਮੇਰੀ ਚੁੰਨੀ ਨਵੀਂ ਨਕੋਰ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ....

ਮੇਰੇ ਕੁੜਤੀ ਲੜੇ ਸਲੀਨ ਦੀ
ਕਿਸੇ ਸਰਪ ਡੰਕ ਦੇ ਵਾਂਗ
ਵੇ ਨਾਜ਼ਾਂ ਦੇ ਪੱਟਿਆਂ
ਲੈ ਕਰ ਲੈ ਢਿੱਲੀ ਵਾਗ
ਮੇਰੇ ਧੁੱਪ ਨੇ ਵੱਢੀਆਂ ਚੂੰਢੀਆਂ
ਹਾਲੇ ਤਪਦੀ ਲੋਅ ਦਾ ਜ਼ੋਰ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ....

ਵੇ ਹਾਲੇ ਵਾਟਾਂ ਬਹੁਤ ਲੰਮੇਰੀਆਂ
ਕਈ ਕੋਹ ਤੇ ਸਾਡਾ ਪਿੰਡ
ਛਾਵੇਂ ਬੈਠ ਦੁਪਹਿਰਾ ਕੱਟ ਲੈ
ਛੱਡ ਰਿੰਦਾਂ ਵਾਲ਼ੀ ਹਿੰਡ
ਵੇ ਨਾਥਾ ਕੈਂਠੇ ਵਾਲ਼ਿਆ
ਸਾਡਾ ਸੱਤ ਜਨਮਾਂ ਦਾ ਜੋੜ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ....

ਰੱਜ ਨਾ ਮਾਂ ਨਾਲ਼ ਗੱਲਾਂ ਕੀਤੀਆਂ
ਤੇਰੇ ਪੈਰਾਂ ਦੇ ਵਿੱਚ ਕਾਹਲ਼
ਤੈਨੂੰ ਪਈ ਬਾਜਰਾ ਕੁੱਟਣ ਦੀ
ਅਸਾਂ ਮਿਲ਼ਣਾ ਅਗਲੇ ਸਾਲ
ਮੰਨਿਆ ਤੂੰ ਡਾਢਾ ਮੈ ਹੀਨੜੀ
ਮੇਰੀ ਤੇਰੇ ਹੱਥ ਵਿੱਚ ਡੋਰ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ....

ਵੇ ਤੂੰ ਚਿੱਬੜ ਟੁੱਕ ਟੁੱਕ ਸੁੱਟਦਾ
ਕੋਈ ਗਾਏਂ ਪਹਾੜੀ ਗੀਤ
ਤੇਰੇ ਪੈਰੀਂ ਜੁੱਤੀ ਚੀਕਦੀ
ਘੋਲ਼ੇ ਰੋਹੀਆਂ ਵਿੱਚ ਸੰਗੀਤ
ਓਸ ਉੱਠਣੀ ਦੀ ਹੁੱਬ ਤੇ
ਆਣ ਬੈਠਾ ਵੇਖ ਚਕੋਰ
ਵੇ ਅੜਬਾ ਡਾਚੀ ਵਾਲ਼ਿਆ
ਡਾਚੀ ਹੌਲ਼ੀ ਹੌਲ਼ੀ....
=====
ਚੂੜਾ
ਗੀਤ
ਕਿਸੇ ਆਸਾਂ ਦੀ ਸਿੱਲੀ ਤੋੜੀ ਏ
ਭੱਖੜੇ ਦੀ ਦਿੱਤੀ ਰੋੜੀ ਏ
ਜਾਂ ਅਰਕ ਨਿੰਮ ਦੇ ਪੱਤਿਆਂ ਦੀ
ਸਾਡੀ ਰੋਟੀ ਵਿੱਚ ਨਿਚੋੜੀ ਏ
ਵੇਖ ਰੰਗ ਮੁੱਖੜੇ ਦਾ ਹੋ ਗਿਆ
ਅਮਾਵਸ ਤੋਂ ਗੂੜ੍ਹਾ
ਦੱਸ ਕੀਕਣ ਦੁੱਖ ਲੁਕੋਵੇ ਵੇ
ਮੇਰਾ ਰੱਤਾ ਚੂੜਾ...


ਵੈਦਾਂ ਨੇ ਖੇਖਣ ਕੀਤਾ ਏ
ਅਸੀਂ ਹੱਥੀਂ ਸੀਨਾ ਸੀਤਾ ਏ
ਫ਼ਿਕਰਾਂ ਦੇ ਪੀੜ੍ਹੇ ਚੜ੍ਹ ਚੜ੍ਹ ਕੇ
ਨਰਕਾਂ ਦਾ ਪਾਣੀ ਪੀਤਾ ਏ
ਲਟਾਂ ਬਿਰਖ਼ ਦੀਆਂ ਵਾਂਗਰਾਂ
ਸਾਡਾ ਖੁੱਲਿਆ ਜੂੜਾ
ਦੱਸ ਕੀਕਣ ਦੁੱਖ ਲੁਕੋਵੇ ਵੇ
ਮੇਰਾ ਰੱਤਾ ਚੂੜਾ....


ਹਿੱਕੜੀ ਨੇ ਅੱਗਾਂ ਝੱਲੀਆਂ ਨੇ
ਓਟਾਂ ਦੀਆਂ ਛਣੀਆਂ ਪੱਲੀਆਂ ਨੇ
ਕਾਲਖ ਦੇ ਨਿੱਸਰੇ ਖੇਤਾਂ ਚੋਂ
ਚਾਨਣ ਦੀਆਂ ਭਰੀਆਂ ਥੱਲੀਆਂ ਨੇ
ਰਸਮਾਂ ਦੇ ਚਕਲੇ ਭੁੱਜਦਾ
ਨਿੱਤ ਦੇਹੀ ਪੂੜਾ
ਦੱਸ ਕੀਕਣ ਦੁੱਖ ਲੁਕੋਵੇ ਵੇ
ਮੇਰਾ ਰੱਤਾ ਚੂੜਾ...

ਸਾਕਾਂ ਦੀ ਦੁਖਦੀ ਸੇਲ੍ਹੀ ਦਾ
ਉਮਰਾਂ ਦੀ ਭੁਰਦੀ ਭੇਲੀ ਦਾ
ਰੁੱਤਾਂ ਦੀ ਜੀਭ ਕੁਸੈਲੀ ਦਾ
ਜੋਬਨ ਦੀ ਸਿਉਂਕੀ ਗੇਲੀ ਦਾ
ਕੁੱਬੀ ਕੁੱਬੀ ਤੁਰਦੀ ਕਰ ਕੱਠਾ ਕੂੜਾ
ਦੱਸ ਕੀਕਣ ਦੁੱਖ ਲੁਕੋਵੇ ਵੇ
ਮੇਰਾ ਰੱਤਾ ਚੂੜਾ...

ਕਿੱਕਰੀਂ ਚੁੰਨੀਆਂ ਬੰਨ੍ਹ ਬੰਨ੍ਹ ਹਾਰੀ
ਥੇਈਆਂ ਤਿੱਥਾਂ ਮੰਨ ਮੰਨ ਹਾਰੀ
ਮਟੀਏਂ ਜਾ ਜਾ ਰੋਟ ਚੜ੍ਹਾਉਂਦੀ
ਠੂਠੀਆਂ ਖੋਪੇ ਭੰਨ ਭੰਨ ਹਾਰੀ
ਪੜ੍ਹ ਪੜ੍ਹ ਹਾਰੀ ਰਾਗ ਸੰਧੂਰਾ
ਦੱਸ ਕੀਕਣ ਦੁੱਖ ਲੁਕੋਵੇ ਵੇ
ਮੇਰਾ ਰੱਤਾ ਚੂੜਾ....
=====
ਸੌਂਹ
ਗੀਤ
ਤੇਰੇ ਚੇਤਿਆਂ ਚ ਹੋਣੀਆਂ ਨੇ ਚੇਤ ਦੀਆਂ ਘਾਣੀਆਂ
ਕੱਤੇ ਦੀਆਂ ਫਾਂਡਾਂ ਵਿੱਚ ਅੱਸੂ ਦੀਆਂ ਟਾਹਣੀਆਂ
ਮੇਰੇ ਵਾਂਗ ਤੈਨੂੰ ਵੀ ਸੀ ਰੁੱਤਾਂ ਦਾ ਗੌਂ ਨੀ
ਤੈਨੂੰ ਬਾਗ਼ੀਂ ਉੱਗੇ ਹੋਏ ਕਸੁੰਭੜੇ ਦੀ ਸੌਂਹ ਨੀ


ਪਿੰਡ ਚਿੜੀਆਂ ਦਾ ਲਾਣਾ, ਖੇਤੀਂ ਤਿੱਤਰਾਂ ਦਾ ਜੋੜਾ ਨੀ
ਬੱਲੀਆਂ ਦੇ ਕੋੜਮੇ ਨੂੰ ਦੇ ਨਾ ਮਰੋੜਾ ਨੀ
ਮੁੱਦਤਾਂ ਤੋਂ ਬਾਅਦ ਵੇਖ ਨਿੱਸਰੇ ਨੇ ਜੌਂ ਨੀ
ਤੈਨੂੰ ਬਾਗ਼ੀਂ ਉੱਗੇ ਹੋਏ....


ਬਾਜਰੇ ਦੇ ਸਿੱਟਿਆਂ ਚ ਕੰਦਲੀ ਦੇ ਨਾਲ਼ ਕੰਡੇ ਨੀ
ਪਿੱਟ ਪਿੱਟ ਸ਼ੀਰਨੀ ਜਿਉਂ ਦੁਹੱਥੜੇ ਨਾਲ਼ ਵੰਡੇ ਨੀ
ਸਹਿਕਦੇ ਬਟੇਰ ਢਾਬੀਂ ਹੌਂਕਦੇ ਨੇ ਕੌਂ ਨੀ
ਤੈਨੂੰ ਬਾਗ਼ੀਂ ਉੱਗੇ ਹੋਏ....

ਪਿੰਡੇ ਨੂੰ ਨਗੇਸ ਮਾਰੇ ਹਾੜੀਆਂ ਦਾ ਟੌਂਠਾ ਨੀ
ਕਾਠ ਦੀਆਂ ਗੁੱਡੀਆਂ ਨੂੰ ਸੇਕ ਦਾ ਤਰੌਂਟਾ ਨੀ
ਤਪਸ਼ਾਂ ਦੀ ਭੰਨੀ ਵੇਖ ਹੌਂਕਦੀ ਏ ਭੌਂ ਨੀ
ਤੈਨੂੰ ਬਾਗ਼ੀਂ ਉੱਗੇ ਹੋਏ....
=====
ਸੁਪਨੇ
ਗੀਤ
ਸਾਡੇ ਸੁਪਨੇ ਕਿਉਂ ਅਲਸਾਏ ਨੀ ਮਾਂ
ਇਹ ਕਿਹੜੀ ਰੁੱਤੇ ਜਾਏ ਨੀ ਮਾਂ
ਸਾਡੇ ਸੁਪਨੇ ਕਿਉਂ....

ਇਹ ਥੱਕੇ, ਹਾਣੀ ਲੱਭਦੇ
ਪੀੜਾਂ ਦੇ ਮੋਠ ਚੱਬਦੇ
ਫ਼ਿਕਰਾਂ ਦੀ ਮੌਲ਼ੀ ਵੱਟ ਕੇ,
ਹਿਕੜੀ ਦੇ ਕੁੱਜੇ ਦੱਬਦੇ
ਇਹ ਕਿਹੜੇ ਕੰਮੀਂ ਲਾਏ ਨੀ ਮਾਂ
ਸਾਡੇ ਸੁਪਨੇ ਕਿਉਂ....

ਵਾਂਗ ਰੋਗਣ ਦੰਦੀਆਂ ਕਿਰਚਦੇ
ਇਹ ਵਾਂਗ ਯਤੀਮਾਂ ਵਿਲਕਦੇ
ਇਹ ਮਾਰੇ ਡਾਢ੍ਹੇ ਹਿਰਖ ਦੇ
ਇਹਨਾਂ ਦੀਆਂ ਕੌਣ ਘੋੜੀਆਂ ਗਾਏ ਨੀ ਮਾਂ
ਸਾਡੇ ਸੁਪਨੇ ਕਿਉਂ....


ਇਹ ਫਿਰਕੂ ਫਿਕਰੇ ਕੱਸਦੇ
ਜਿਉਂ ਬਾਗੀ ਚੇਲੇ ਮੱਠ ਦੇ
ਗਰਭਾਂ ਚੋਂ ਸੁੰਨਤ ਭਾਲ਼ਦੇ
ਇਹ ਧਾਰਕ ਝੁਲ਼ਸੀ ਮੱਤ ਦੇ
ਇਹਨਾਂ ਨਾਲ ਕਿਹੜਾ ਸੰਘ ਖਪਾਏ ਨੀ ਮਾਂ
ਸਾਡੇ ਸੁਪਨੇ ਕਿਉਂ....


ਇਹ ਇੱਲਤਾਂ ਮਾਰੇ ਭੂਤਨੇ
ਇਹ ਚਪਟੇ ਮੂੰਹ ਦੇ ਭੂਕਨੇ
ਇਹ ਸੁੱਕੀਆਂ ਕੂਕਾਂ ਕੂਕਣੇ
ਇਹ ਬੁਸੀਆਂ ਰੀਝਾਂ ਚੂਸਣੇ
ਪਏ ਫਲੀਆਂ ਜਿਉਂ ਕੁਮਲ਼ਾਏ ਨੀ ਮਾਂ
ਸਾਡੇ ਸੁਪਨੇ ਕਿਉਂ....


ਇਹ ਖਾਗੜ ਪੱਕੀ ਹਿੰਡ ਦੇ
ਜਿਉਂ ਨਾਤੇ ਸੁੱਕੀ ਰਿੰਡ ਦੇ
ਇਹ ਬਿੱਲਿਆਂ ਵਾਂਗੂ ਘੁਰਕਦੇ
ਇਹ ਪੱਕੀਆਂ ਢੂਈਆਂ ਖੁਰਕਦੇ
ਇਹਨਾਂ  ਨੂੰ ਕਿਹੜਾ ਮੱਥੇ ਲਾਏ ਨੇ ਮਾਂ
ਸਾਡੇ ਸੁਪਨੇ ਕਿਉਂ....

3 comments:

ਦਰਸ਼ਨ ਦਰਵੇਸ਼ said...

ਨਵੀਂ ਕਲਮ, ਨਵੀਂ ਸੋਚ, ਨਵਾਂ ਸ਼ਬਦਤੀਰ ਅੰਦਾਜ਼ੀ........!

ਤਨਦੀਪ 'ਤਮੰਨਾ' said...

ਬਹੁਤ-ਬਹੁਤ ਸ਼ੁਕਰੀਆ ਦਰਵੇਸ਼ ਜੀ....:) ਤੁਹਾਡੀ ਟਿੱਪਣੀ ਕਮਲ ਵੀਰ ਲਈ ਬਹੁਤ ਵਧੀਆ ਆਸ਼ੀਰਵਾਦ ਹੈ..:)

Ekam Maanuke said...

bhut khoob rchnava ne..