Saturday, September 15, 2012

ਸਤਵੰਤ ਸਿੱਧੂ - ਆਰਸੀ 'ਤੇ ਖ਼ੁਸ਼ਆਮਦੇਦ


ਆਰਸੀ ‘ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਸਤਵੰਤ ਸਿੱਧੂ
ਅਜੋਕਾ ਨਿਵਾਸ: ਇਟਲੀ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ



ਪਰਦੇਸੀ
ਨਜ਼ਮ
ਇਹ ਤਾਂ ਮੇਰੀ ਗੁੰਗੀ ਗੱਲ ਹੈ
ਇਹ ਤਾਂ ਮੇਰੀ ਬੋਲ਼ੀ ਗੱਲ ਹੈ
ਤਨ ਦੀ ਅੱਲੜ੍ਹ ਅਜੇ ਕੁਆਰੀ
ਪਰ ਸਿਰ ਤੋਂ ਧੌਲ਼ੀ ਗੱਲ ਹੈ
ਵਿਸ਼ ਭਰਿਆ ਨੀਲਾ ਅੰਬਰ
ਦੇਖੋ ਆਸ਼ਿਕ਼ ਧਰਤ ਦਾ ਹੋਇਆ
ਸਿਖ਼ਰ ਦੁਪਹਿਰੇ ਕਾਮੀ ਮੁੜ੍ਹਕਾ
ਇਹਨੇ ਧਰਤ ਦੀ ਕੁੱਖੋਂ ਚੋਇਆ
ਧਰਤ ਨੇ ਬੀਜ ਸਮਝ ਕੇ
ਨਿੱਘੀ ਕੁੱਖੇਂ ਸੀ ਸਮੋਇਆ
ਉੱਗਿਆ ਨਾ ਕੋਈ ਰੁੱਖ ਬੂਟਾ
ਇਹ ਅਗੰਮ ਅਚੰਬਾ ਹੋਇਆ
ਇਹ ਤਾਂ ਬੱਸ ਕਹਾਵਤ ਹੈ
ਹੱਥਾਂ ਉੱਤੇ ਸਰ੍ਹੋਂ ਜਮਾਉਣੀ
ਅੱਜ ਕੱਲ ਕੇਹੀ ਬਗ਼ਾਵਤ ਹੈ
ਸੂਰਜ ਦੇ ਮੱਥੇ ਕਾਲਖ ਲਾਉਣੀ

ਕਾਲ਼ਾ ਬੱਦਲ਼, ਚਿੱਟਾ ਬੱਦਲ਼
ਪਰਦੇਸੀ ਪੁੱਤਰਾਂ ਦਾ ਜੋੜਾ
ਰਾਤੀਂ ਰੁੱਤੀਂ ਥਿੱਤੀਂ ਵਾਰ
ਡੱਬ-ਖੜੱਬਾ ਇਹਦਾ ਘੋੜਾ
ਧਰਤ ਨੇ ਲਾਇਆ ਬੂਟਾ ਆਪੇ
ਪਿਆਏ ਦੁੱਧ, ਕਰੇ ਸਿਆਪੇ
ਨਾ ਇਹ ਮੂਲ, ਸੂਦ ਹੀ ਬਣਿਆ
ਨਾ ਛਾਤੀ ਲਾਇਆ ਵਿੱਚ ਬੁਢਾਪੇ
ਨਾ ਮੈਂ ਖ਼ਸਮ ਵਿਸਾਰਿਆ
ਨਾ ਮੈਂ ਪਾਸਾ ਵੱਟ ਕੇ ਸੁੱਤੀ
ਨਾ ਮੈ ਸੁੰਘੀ ਮਹਿਕ ਸੁਗੰਧੀ
ਮੈਂ ਤਾ ਕਾਮੀ ਮੁੜ੍ਹਕੇ ਲੁੱਟੀ

ਪਤਾਲੀ ਬਲ਼ਦ ਨੇ ਸਿੰਗ ਬਦਲਿਆ
ਚੀਕ ਉੱਠੀ ਇਹ ਧਰਤੀ ਸੀ
ਦੁਖਦੀ ਵੱਖੀ ਦੇਖਣ ਦੇ ਲਈ
ਟੁਕੜੀ ਬੱਦਲਾਂ ਦੀ ਪਰਤੀ ਸੀ
ਜਖ਼ਮਾਂ ਉੱਤੇ ਮਿੱਟੀ ਪਾ ਕੇ
ਦੇਖੋ ਜਖ਼ਮ ਮਿਟਾਵਣ ਲੱਗੇ
ਮਾਂ ਦੀ ਹਿੱਕ ਚੋਂ ਭਾਵ ਚੁਰਾ ਕੇ
ਮੁੜ ਫੇਰ ਬੱਦਲ਼ ਜਾਵਣ ਲੱਗੇ

ਸੱਤ ਸਮੁੰਦ ਪਏ ਨੇ ਜਿੱਦਾਂ
ਪਾਣੀ ਭਰਦੇ ਧਰਤੀ ਦਾ
ਅੱਥਰੂਆਂ ਵਿੱਚ ਤਰਦੀਆਂ ਲਾਸ਼ਾਂ
ਕੀ ਕਰਨਾ ਅੱਜ ਅਰਥੀ ਦਾ
======
ਰਾਤ ਡਰਾਉਣੀ
ਨਜ਼ਮ
ਕਾਲ਼ੀਆਂ ਰਾਤਾਂ ਬਿਨ ਚਾਨਣ ਦੇ
ਕੰਧਾਂ ਟੋਹ ਟੋਹ ਤੁਰੀਆਂ
ਭਟਕ ਗਈਆਂ ਪ੍ਰਭਾਤ ਦੇ ਰਾਹੋਂ
ਕਿੰਝ ਲੰਮੇ ਪੰਧ ਮੁਕਾਵਣ
ਲਹੂ ਲੁਹਾਣ ਪੈਰ ਰਾਤ ਦੇ
ਠੇਡੇ ਖਾ ਹੋਈ ਜਖ਼ਮੀ
ਚਿੱਟੀ ਬਦਲੀ ਈਕਣ ਜਾਪੇ
ਮੱਲ੍ਹਮਾਂ ਪੱਟੀਆਂ ਲਾਵਣ
ਅੱਜ ਰਾਤ ਤਿਰਹਾਈ ਹਬਸ਼ਣ
ਜਾਂ ਕੋਈ ਸੱਪਣੀ ਜੀਭ ਹਿਲਾਵੇ
ਆਪਣੀ ਸੰਘੀ ਰਿੜਕ ਰਹੀ
ਥੁੱਕ ਰਤਾ ਜੇ ਆਵੇ
ਇਸ ਤੋੜ ਤੋੜ ਕੇ ਤਾਰੇ ਸੁੱਟੇ
ਪਰ ਨਾ ਹੀ ਸਾਗਰ ਉੱਛਲੇ
ਨਾ ਘੜਿਉਂ ਪਾਣੀ ਉਪਰ ਆਏ
ਦਿਲ ਜਲ਼ੇ ਇਹਨੂੰ ਸੱਪਣੀ ਸਮਝ ਕੇ
ਦਿਲ ਦੀ ਰੱਤ ਪਿਲਾਵਣ
ਕੇਸ ਖਿਲਾਰ ਕੇ ਕਾਲ਼ੀਆਂ ਬੱਦਲੀਆਂ
ਪਈਆਂ ਖ਼ੌਫ਼ ਖਿਲਾਰਣ

ਚਿੱਚੜ ਬਣ ਕੇ ਚਿੱਬੜੇ ਤਾਰੇ
ਰਾਤ ਦੇ ਸੱਜੇ ਖੱਬੇ
ਖੁਰਕਣ ਦੇ ਲਈ ਪਿੰਡਾ ਆਪਣਾ
ਰੜਾ ਮੈਦਾਨ ਪਈ ਲੱਭੇ
ਅੱਜ ਦੀ ਰਾਤ ਤਾਂ ਚਾਮਚੜਿੱਕਾਂ
ਉੱਡ ਉੱਡ ਅਲਖ ਜਗਾਈ
ਰਣ ਵਿੱਚ ਯੋਧਿਆ ਚੁੱਕ ਕਮਾਨਾਂ
ਤੀਰਾਂ ਦੀ ਛਹਿਬਰ ਲਾਈ
ਬਿੱਲਬਤੌਰੀ ਨੇ ਉੱਲੂ ਨੂੰ
ਘੁੱਟ ਗਲਵਕੜੀ ਪਾਈ
ਚਾਰ ਜੁੱਗਾਂ ਦੇ ਜੇਡ ਲੰਮੀ
ਰਾਤ ਵਸਲ ਦੀ ਆਈ
ਇਹਨਾਂ ਦਾ ਤਾਂ ਚਾਨਣ ਵੈਰੀ
ਇਹ ਚਾਨਣ ਦੇ ਡਾਗਾਂ ਮਾਰਨ
ਇਹਨਾਂ ਮੁੱਢ ਤੋਂ ਪੀਤੀ ਕਾਲਖ
ਇਹੀਓ ਭੋਗਣ ਇਹੀਓ ਨਹਾਵਣ॥

ਨਦੀ ਦੇ ਪੱਟਾਂ ‘ਤੇ ਸਿਰ ਧਰ ਕੇ
ਸੂਰਜ ਸੌਂ ਗਿਆ ਫ਼ਰਜ਼ ਭੁਲਾ ਕੇ
ਜਿਉਂ ਸੁੱਤੇ ਗੰਗ ਸਿਰਹਾਣੇ
ਸਾਧ ਜਟਾਲੇ ਭੰਗਾਂ ਖਾ ਕੇ
ਅੱਜ ਮੰਦਰਾਂ ਵਿੱਚ ਟੱਲ ਨਾ ਖੜਕੇ
ਨਾ ਪੰਛੀ ਅੱਜ ਬੋਲੇ
ਹਨੇਰੇ ਦਾ ਤੱਕ ਖ਼ੌਫ਼ ਪੁਜਾਰੀ
ਹੋਏ ਮੂਰਤੀਆਂ ਦੇ ਉਹਲੇ
ਸਭ ਦੀ ਨੀਂਦਰ ਪੂਰੀ ਹੋ ਗਈ
ਰਾਤ ਅਜੇ ਵੀ ਕਾਲਖ ਘੋਲ਼ੇ
ਕਈਆਂ ਖ਼ੌਫ਼ ਭਜਾਵਣ ਦੇ ਲਈ
ਮੁੜ ਫਿਰ ਪੜ੍ਹ ਲਏ ਸੋਹਲੇ
ਪੀ ਪੀ ਕੱਟੀ ਰਾਤ ਅਸਾਂ ਵੀ
ਬਿਖ ਭਰੇ ਅੱਥਰੂ ਜ਼ਹਿਰੀਲੇ
ਬੱਦਲਾਂ ਦੇ ਫੇਰ ਵੱਟ ਕੇ ਰੱਸੇ
ਕਰੇ ਖ਼ੁਦਕੁਸ਼ੀਆਂ ਦੇ ਹੀਲੇ
ਦਿਨ ਚੜ੍ਹਦੇ ਨੂੰ ਐਵੇਂ ਤਾਂ ਨੀ
ਹੋ ਗਏ ਅੰਬਰ ਨੀਲੇ॥
=====
ਗੀਤ ਮੇਰਾ
ਨਜ਼ਮ
ਕੋਈ ਕੋਈ ਜਿਸਮ ਏ ਥਾਲ ਸੋਨੇ ਦਾ
ਵਰਜੇ ਕਾਮ ਲਈ ਖਾਣਾ
ਮੈ ਤੇ ਗੀਤ ਹਾਂ ਜੂਠੀ ਪੱਤਲ
ਕੀਹਨੇ ਹੁਣ ਅਪਨਾਣਾ
ਰਕਤ ਦੀ ਇਸ਼ਕ਼ ਨੇ ਪਾਕ ਬਣਾ ‘ਤੀ
ਪੀ ਜੋਕਾਂ ਮਾਰ ਜਾਣਾ
ਜ਼ਹਿਰੀਲੀ ਚਮੜੀ ਸੱਚਾ ਹੀ ਤਾਂ
ਚੁੰਮਣ ਦਾ ਘਬਰਾਣਾ
ਸਿਵਿਆਂ ਦੀ ਲੋਏ ਗੀਤ ਲਿਖੇਂਦਾ
ਮੋਇਆ ਸੰਗ ਬਹਿ ਕੇ ਗਾਉਣਾ
ਆਦਿ ਜੁਗਾਦੋਂ ਦਰਦ ਦਾ ਕਰਜ਼ਾ
ਗੀਤ ਮੇਰੇ ਨੇ ਲਾਹੁਣਾ

ਜ਼ਖ਼ਮੀ ਰਾਤਾਂ ਸੂਤ ਗਮਾਂ ਦਾ
ਯਾਦਾਂ ਨਿੱਤ ਕਤਾਣਾ
ਵੱਟ ਕੇ ਜੰਜੂ ਬਿਰਹੋਂ ਦਾ ਮੈ
ਗੀਤ ਦੇ ਗਲ਼ ਲਟਕਾਣਾ

ਇਸ਼ਕ਼ ਦੇ ਸਿਵੇ ਦੀ ਰਾਖ ਚੁਰਾ
ਇਹਦੇ ਨੈਣੀਂ ਸੁਰਮਾ ਪਾਣਾ
ਚਰਨ ਧੂੜ ਯਾਦਾਂ ਦੀ ਲੈ
ਇਹਦੇ ਮੱਥੇ ਤਿਲਕ ਲਗਾਣਾ

ਮਰਨ ਦੇ ਪਿੱਛੋਂ ਤੁਸਾਂ ਨੇ
ਗੋਸ਼ਤ ਮੇਰਾ ਜਲਾਣਾ
ਰੂਹ ਮੇਰੀ ਦਾ ਇਹੋ ਟਿਕਾਣਾ
ਗੀਤ ਦੇ ਵਿਚ ਸਮਾਣਾ
ਜਦ ਵੀ ਮਿਲਣਾ ਚਾਹੋ
ਇਸ ਗੀਤ ਨੂੰ ਪੜ੍ਹਣਾ ਗਾਣਾ
ਸਾਹਿਬ ਗੀਤ ਨਿੱਤ ਨਵਾਂ ਹੈ
ਸਮਝਿਓ ਨਾ ਪੁਰਾਣਾ




10 comments:

JANMEJA JOHL said...

really promising boy. best of luck
janmeja johl

ਤਨਦੀਪ 'ਤਮੰਨਾ' said...

ਬਹੁਤ-ਬਹੁਤ ਸ਼ੁਕਰੀਆ ਜੌਹਲ ਸਾਹਿਬ..:)

AMRIK GHAFIL said...

bahut sohNa likhda hai satwant....ummeeda'n bajhdia'n ne ehde 'te....es navei'n uddam lyee mubarka'n Tandeep ji.... :)

ਦਰਸ਼ਨ ਦਰਵੇਸ਼ said...

Achhi kalam hai, shuruaat daur vich......

Unknown said...

ਸੁਕਰੀਆ ਭੈਣ ਤਨਦੀਪ ਤੇ ਸੱਭ ਸਜਣਾ ਦਾ
ਸਾਧ ਜਟਾਵਾਂ ਵਾਲਾ
ਸਤਵੰਤ ਸਿੱਧੂ

Unknown said...

ਸੁਕਰੀਆ ਭੈਣ ਤਨਦੀਪ ਤੇ ਸੱਭ ਦੋਸਤਾ ਦਾ ਬਹੁਤ ਬਹੁਤ ਪਿਆਰ
ਸਾਧ ਜਟਾਵਾਂ ਵਾਲਾ
ਸਤਵੰਤ ਸਿੱਧੂ

Unknown said...

ਸੁਕਰੀਆ ਭੈਣ ਤਨਦੀਪ ਤੇ ਸਾਰੇ ਸੱਜਣਾ ਦਾ ਬਹੁਤ ਬਹੁਤ ਪਿਆਰ
ਸਤਵੰਤ ਸਿੱਧੁ

Gurpreet Matharu said...

Bhahut hi umda rachnava....

ਤਨਦੀਪ 'ਤਮੰਨਾ' said...

Kuljeet Khosa Via Face Book:
----
ਵਾਹ ਸਿੱਧੂ ਸਾਬ ਨਹੀ ਰੀਸਾਂ ਤੁਹਾਡੀਆਂ ,, ਸ਼ੁਕਰੀਆ ਤਨਦੀਪ ਦੀਦੀ ਨਵੇ ਉੱਠ ਰਹੇ ਸ਼ਾਇਰਾਂ ਵਾਸਤੇ ਇਹ ਕੋਲਮ ਸ਼ੁਰੂ ਕਰਨ ਲਈ ..

ਤਨਦੀਪ 'ਤਮੰਨਾ' said...

Kamal Dev Pall ----------Comment Via Email:
ਪੰਜਾਬੀ ਆਰਸੀ ਨੇ ਸੱਜਰੇ ਸੁਖ਼ਨ ਕਾਲਮ ਸ਼ੁਰੁ ਕਰਕੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ | ਇਸ ਨਾਲ ਨਵੇਂ ਲੇਖਕਾਂ ਨੂੰ ਪਾਠਕਾਂ ਦੇ ਰੂਬਰੂ ਹੋਣ ਦਾ ਇੱਕ ਚੰਗਾ ਮੌਕਾ ਮਿਲੇਗਾ | ਸੋ ਇਸ ਕਾਲਮ ਵਾਸਤੇ ਤਨਦੀਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ |
-------------
ਸਤਵੰਤ ਸਿੱਧੂ ਮੇਰੇ ਚੰਗੇ ਦੋਸਤਾਂ ਵਿਚ ਸ਼ਾਮਿਲ ਹੈ | ਪਰ ਮੈ ਉਸਦੀਆਂ ਨਜ਼ਮਾ ਬਾਬਤ ਕੁਜ ਗੱਲ ਕਰਾਂਗਾ |
-------------
ਜਖ਼ਮਾ ਉੱਤੇ ਮਿੱਟੀ ਪਾ ਕੇ
ਦੇਖੋ ਜਖ਼ਮ ਮਿਟਾਵਣ ਲੱਗੇ
ਮਾਂ ਦੀ ਹਿੱਕ ਚੋਂ ਭਾਵ ਚੁਰਾ ਕੇ
ਮੁੜ ਫੇਰ ਬਦੱਲ ਜਾਗਣ ਲੱਗੇ |
----------ਪਰਦੇਸੀ ਕਵਿਤਾ
----------
ਇਹਨਾ ਦਾ ਤਾਂ ਚਾਨਣ ਵੈਰੀ
ਇਹ ਚਾਨਣ ਦੇ ਡਾਂਗਾ ਮਾਰਨ
ਇਹਨਾਂ ਮੁੱਢ ਤੋਂ ਪੀਤੀ ਕਾਲਖ
ਇਹੀਓ ਭੋਗਣ ਇਹੀਓ ਨਹਾਵਣ |
-----------ਰਾਤ ਡਰਾਉਣੀ
--------
ਏਸੇ ਤਰਾਂ ਗੀਤ ਮੇਰਾ | ਸਤਵੰਤ ਦੀ ਦੋ ਨਜ਼ਮਾ ਅਤੇ ਇਕ ਗੀਤ ਨਾਲ ਹਾਜ਼ਰੀ ਸਲਾਘਾਯੋਗ ਹੈ |
ਸਤਵੰਤ ਜੀ ਤੁਹਾਨੂੰ ਵਧਾਈਆਂ ਹੋਣ ਬਹੁਤ ਸੋਹਣਾ ਲਿਖਿਆ ਹੈ | ਆਸ ਹੈ ਅੱਗੋਂ ਵੀ ਆਪਣੀਆ ਰਚਨਾਵਾਂ ਪੜ੍ਹਨ ਦਾ ਅਵਸਰ ਪਰਦਾਨ ਕਰੋਗੇ |...........
( ਕੁਜ ) ਨੁੰ ਕੁਝ ਪੜਿਆ ਜਾਵੇ .....pall