Tuesday, September 18, 2012

ਕਿਰਤਪਾਲ ਗਿੱਲ - ਆਰਸੀ 'ਤੇ ਖ਼ੁਸ਼ਆਮਦੇਦ

ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਕਿਰਤਪਾਲ ਗਿੱਲ
ਅਜੋਕਾ ਨਿਵਾਸ: ਬਠਿੰਡਾ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ: ਫੇਸਬੁੱਕ
( Art by: Leonid Afremov )
ਜ਼ਹਿਰੀਲਾ ਇਸ਼ਕ਼
ਨਜ਼ਮ
ਵਸਲਾਂ ਦੀ ਚਾਨਣੀ ਹੇਠ
ਜਦੋਂ ਪਹਿਲੀ ਵਾਰ
ਆਪਾਂ ਆਪੋ-ਆਪਣੀ
ਕੁੰਜ ਲਾਹੀ ਸੀ,
ਸੂਰਜ ਵਾਂਗ ਮਘ
ਉੱਠਿਆ ਸੀ
ਤੇਰਾ ਸਾਂਵਲਾ ਜਿਸਮ
ਇੱਕ ਦੂਜੇ ‘ਤੇ ਮੇਹਲਣ
ਲੱਗੇ ਸੀ
ਚਿੱਟੇ ਬੱਦਲਾਂ ਦੀ ਚਾਦਰ
ਓੜ ਕੇ
ਆਪਾਂ ਚੂਸ ਰਹੇ ਸੀ
ਇੱਕ ਦੂਜੇ ਦੇ ਜ਼ਹਿਰੀ
ਇਸ਼ਕ ਨੂੰ,
ਸਾਹਾਂ ਨੂੰ ਕੁੱਜੇ ਵਿੱਚ ਬੰਦ ਕਰਕੇ
ਮੇਰੀ ਛੋਹ ਨਾਲ਼
ਤੇਰੇ ਲੂੰ-ਕੰਡੇ ਇਉਂ ਖੜ੍ਹੇ
ਹੋਏ ਸੀ....
ਜਿਵੇਂ ਕੱਕੀ ਰੇਤ ਵਿੱਚ
ਭੱਖੜਾ ਪਿਆ ਹੋਵੇ,
ਮੇਰੇ ਜਿਸਮ ਵਿੱਚ ਧਸ ਗਏ ਸੀ
ਲੂੰ-ਕੰਡੇ ਭੱਖੜਾ ਬਣ ਕੇ..
ਤੇਰੇ ਇਸ਼ਕ ਦਾ ਜ਼ਹਿਰ
ਹੋਰ ਜ਼ਹਿਰੀਲਾ ਹੋ ਗਿਆ ਸੀ
ਤੇ ਹਾਂ ਸੱਚ...
ਤੇਰੇ ਫਨੀਅਰ ਚੁੰਮਣਾਂ ਨੇ
ਮੇਰੇ ਹੋਠਾਂ ਨੂੰ ਨੀਲਾ
ਕਰ ਦਿੱਤਾ ਸੀ,
ਕਰ ਦਿੱਤਾ ਸੀ ਫ਼ੋਕਾ
ਬੇ-ਰਸ ਮੇਰੇ ਹੋਠਾਂ ਨੂੰ,
ਵਿੱਚੇ ਛੱਡ ਦਿੱਤੇ ਸੀ
ਤੈਂ ਆਪਣੇ ਜ਼ਹਿਰੀਲੇ ਦੰਦ
ਮੈਨੂੰ ਸਭ ਯਾਦ ਹੈ
ਹਰ ਹੱਦ, ਹਰ ਕਹਿਰ

ਵਸਲ ਦਾ ਦਿਨ...
ਅੱਜ ਵੀ ਜਦੋਂ ਮੇਰੀ ਜੀਭ ਦਾ
ਸਪਰਸ਼ ਹੋਠਾਂ ਨਾਲ ਹੁੰਦਾ ਤਾਂ
ਚੜ੍ਹ ਜਾਂਦਾ ਹੈ
ਜ਼ਹਿਰ ਮੇਰੀ ਜੀਭ ਨੂੰ
ਜੀਭ ਹੋ ਜਾਂਦੀ ਹੈ ਸੁੰਨ
ਸਾਰਾ ਸਰੀਰ ਮਦਹੋਸ਼ ਹੋ ਜਾਂਦਾ ਹੈ
ਤੇਰੇ ਜ਼ਹਿਰੀਲੇ ਇਸ਼ਕ ਦਾ ਐਸਾ
ਅਸਰ ਹੁੰਦਾ ਹੈ ਮੇਰੇ ‘ਤੇ
ਮੇਰੇ ਮਹਿਬੂਬ
======
ਇਕ ਉਮਰ 
ਨਜ਼ਮ
ਕਿਤੋਂ ਮੁੜ ਨੀਂ ਮੇਰੀਏ
ਸਾਂਵਲੀਏ ਰੁੱਤੇ...
ਤੇਰੀ ਖੱਬੀ ਗੱਲ੍ਹ ਦੇ
ਟੋਏ ਵਿੱਚ
ਮੇਰੀ ਇੱਕ ਉਮਰ ਖੁੱਭੀ ਹੈ

ਮੇਰੇ ਤਨ ਦੇ ਪਾਣੀ
ਅੰਦਰ ਮੱਚੜੀ...
ਦਿਨੋ-ਦਿਨ ਮੁਟਿਆਰ ਹੁੰਦੀ
ਇੱਕ ਅੱਲੜ੍ਹ ਅੱਗ ਉੱਗੀ ਹੈ

ਪਲ-ਪਲ ਧੁਖਦੀ ਜਾਵੇ
ਜੋਬਨ ਮੇਰੇ ਦੀ ਪਰਾਲ਼ੀ
ਇਕ ਬੁੱਕ ਤੈਨੂੰ ਦਿੱਤੀ
ਰਹਿੰਦੀ ਖੂੰਹਦੀ ਮੈਂ ਸੜ੍ਹਾਲੀ
ਦਾਣਾ-ਦਾਣਾ ਸਾਹਾਂ ਨੂੰ ਚੁਗਦੀ
ਵਿਯੋਗ ਤੇਰੇ ਦੀ ਘੁੱਗੀ ਹੈ 

ਰੋਡੇ-ਭੋਡੇ ਦਿਨ ਨੀਂ ਮੇਰੇ
ਲੁਹਾਈ ਬੈਠੇ ਝੰਡਾਂ ਨੇ
ਸਹਿਮੇ ਸਹਿਮੇ ਗ਼ਮ ਦੀ ਰਾਤੋਂ
ਉਹਲੇ ਬੈਠੇ ਕੰਧਾਂ ਨੇ
ਕੁਝ ਦਿਨ ਦਮ ਤੋੜ ਗਏ ਨੇ
ਕੁਝ ਨੂੰ ਮਰਨ ਦੀ ਸੁੱਝੀ ਹੈ

ਪਲਕੋਂ ਵਾਲ਼ ਲੱਥਣ ਜੀਕਣ
ਸੁੱਕੜੇ ਰੁੱਖੋਂ ਪੱਤ ਨੀਂ
ਨੈਣਾਂ ਵਿੱਚ ਦਰਿਆ ਹੈ ਵਗਦਾ
ਲੈਂਦਾ ਫਿਰਦਾ ਵੱਤ ਨੀ
ਇੱਕ ਰੀਝ ਦੀ ਬੇਰੀ
ਮੇਰੀ ਹੁੰਦੀ ਜਾਂਦੀ ਹੁਣ ਕੁੱਬੀ ਹੈ

ਗੁੱਛ-ਮੁੱਛ ਕਰਕੇ ਸੁਪਨੇ
ਸਾੜੇ ਵਿੱਚ ਚੁੱਲ੍ਹੇ ਨੀਂ
ਉੱਬਲ ਆਏ ਨੈਣ ਮੇਰੇ ਜਦ
ਅੱਗ ਦੀ ਹਿੱਕੜੀ ਡੁੱਲ੍ਹੇ ਨੀਂ
ਕਿਸਮਤ ਵਿੱਚ ਅੱਗ ਹੈ ਖਾਣੀ,
ਅੱਗ ਵਿੱਚ ਪਾਈ ਝੁੱਗੀ ਹੈ

ਇੱਕ ਧੁੱਪੜੀ ਮੇਰਾ ਪਿੰਡਾ
ਚੁੰਮ-ਚੁੰਮ ਕਰਦੀ ਨੀਲੜਾ ਨੀ
ਆਥਣ ਦਾ ਸੁਲਫ਼ਾ ਮੈਨੂੰ
ਪੀ-ਪੀ ਕਰਦਾ ਪੀਲੜਾ ਨੀ
ਚੁਟਕੀ-ਚੁਟਕੀ ਮੌਤ ਹੈ ਆਉਂਦੀ,
ਮੇਰੀ ਹਰ ਸਵੇਰ ਡੁੱਬੀ ਹੈ

ਪੈਰ ਘੜੀਸੇ ਧੜਕਣ ਮੇਰੀ
ਅੱਖਾਂ 'ਚ ਪਈ ਖੱਲੀ ਨੀ
ਕੋਏ ਕੋਲੇ ਦੀ ਖਾਣ ਹੋਏ
ਰੂਹ ਹੋਈ ਫਿਰਦੀ ਦੱਲੀ ਨੀ
ਤੇਰਾ ਚੁੰਮਣ ਵਿਲਕੇ ਹੋਠੀਂ ਮੇਰੇ
ਉੱਤੋਂ ਪੀੜ ਪਿੰਡੇ ਚੁੱਭੀ ਹੈ

ਕਿਤੋਂ ਮੁੜ ਨੀਂ ਮੇਰੀਏ
ਸਾਂਵਲੀਏ ਰੁੱਤੇ...
ਤੇਰੀ ਖੱਬੀ ਗੱਲ੍ਹ ਦੇ
ਟੋਏ ਵਿੱਚ ਮੇਰੀ ਇੱਕ ਉਮਰ ਖੁੱਭੀ ਹੈ
ਮੇਰੇ ਤਨ ਦੇ ਪਾਣੀ
ਅੰਦਰ ਮੱਚੜੀ...
ਦਿਨੋਂ-ਦਿਨ ਮੁਟਿਆਰ ਹੁੰਦੀ
ਇੱਕ ਅੱਲੜ੍ਹ ਅੱਗ ਉੱਗੀ ਹੈ
======
ਚਿੱਟੀ ਚੁੰਨੀ
ਗੀਤ
ਚਿੱਟੀ ਚੁੰਨੀ ਕਹਿਕਸ਼ਾਂ 'ਚ
ਧੋ ਲੈਣ ਦੇ
ਮਾਏ! ਅੱਜ ਮੈਨੂੰ
ਪੌਣ ਜੇਹੀ ਹੋ ਲੈਣ ਦੇ 

ਤਾਰਿਆਂ ਦੀ ਵੱਖੀ ਵਿੱਚ
ਚੂੰਢੀਆਂ ਹੈ ਵੱਢਦੀ,
ਅੰਬਰਾਂ ਦੀ ਹਿੱਕ ਵਿੱਚੋਂ
ਬੱਦਲਾਂ ਨੂੰ ਕੱਢਦੀ,
ਗੂੰਗੀ-ਬੋਲੀ ਰਾਤ ਉੱਤੇ
ਗੀਤ ਫਿਰੇ ਕੱਜਦੀ,
ਮੈਨੂੰ ਵੀ ਤਾਂ ਗੀਤ ਕੋਈ
ਛੋਹ ਲੈਣ ਦੇ...
ਮਾਏ ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ...

ਬਿਰਖ਼ਾਂ ਦੇ ਨਾਲ ਜਿਹੜੀ
ਮੋਢੇ ਮਾਰ ਲੰਘਦੀ,
ਬੁੱਢੇ ਹੋਏ ਬੋਹੜਾਂ ਕੋਲ਼ੋਂ
ਰਤਾ ਵੀ ਨਾ ਸੰਗਦੀ,
ਕੁੱਲ ਕਾਇਨਾਤ ਨੂੰ ਜੋ
ਮਹਿਕਾਂ ਫਿਰੇ ਵੰਡਦੀ,
ਮੈਨੂੰ ਉਹਦੇ ਵਿੱਚ
ਖ਼ੁਦ ਨੂੰ ਸਮੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ ...

ਤਪੇਂਦੇ ਹੋਏ ਸੂਰਜ ਦਾ
ਮੱਥਾ ਜਿਹੜੀ ਚੁੰਮਦੀ,
ਹਰ ਇੱਕ ਫੁੱਲ ਨੂੰ
ਨੇੜਿਉਂ ਹੋ ਕੇ ਸੁੰਘਦੀ,
ਖ਼ਲਾਅ ਤੋਂ ਵੀ ਪਰ੍ਹਾਂ
ਫਿਰੇ ਜਿਹੜੀ ਘੁੰਮਦੀ,
ਕੁਝ ਤਾਰੇ ਮੈਨੂੰ 
ਮੁੱਠੀ 'ਚ ਲੁਕੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ... 

ਸੁਨਹਿਰੀ ਕਣਕਾਂ ਦੇ ਨਾਲ਼
ਪਾਉਂਦੀ ਫਿਰੇ ਕਿੱਕਲੀ,
ਮੈਂ ਹੁਣੇ-ਹੁਣੇ ਵੇਖੀ 
ਮੀਢੀਆਂ ਕਰਾ ਕੇ ਨਿੱਕਲ਼ੀ,
ਮੈਂ ਵੀ ਉਹਦੇ ਕੋਲ਼ੋਂ
ਬੋਲੀ ਨਵੀਂ ਇੱਕ ਸਿੱਖ ‘ਲੀ,
ਚਾਅ ਮੈਨੂੰ ਵੀ ਤਾਂ
ਦਿਲ ਵਿੱਚ ਢੋਅ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ 

ਢੋਲ ਨੇ ਤਾਂ ਹੁਣ ਲੱਗੇ
ਆਉਣਾ ਨਾਹੀਂ ਮੁੜ ਕੇ,
ਗ਼ਮ ਦੀਆਂ ਰਾਤਾਂ ਨਾਲ਼
ਖੜ੍ਹੀ ਰਹੀ ਜੁੜ ਕੇ,
ਕ਼ਬਰਾਂ ਤੀਂ ਜਾਣਾ ਪੈਣਾ
ਗੋਡਿਆਂ ਤੇ ਰੁੜ੍ਹ ਕੇ,
ਗਲ਼ ਲੱਗ ਦੁੱਖੜਾ ਰੋ ਲੈਣ ਦੇ...
ਮਾਏ! ਅੱਜ ਮੈਨੂੰ 
ਪੌਣ ਜੇਹੀ ਹੋ ਲੈਣ ਦੇ...

ਚਿੱਟੀ ਚੁੰਨੀ ਕਹਿਕਸ਼ਾਂ 'ਚ
ਧੋ ਲੈਣ ਦੇ
ਮਾਏ ਅੱਜ ਮੈਨੂੰ
ਪੌਣ ਜੇਹੀ ਹੋ ਲੈਣ ਦੇ... 


1 comment:

ਦਰਸ਼ਨ ਦਰਵੇਸ਼ said...

ਸ਼ਬਦਾਂ ਅੰਦਰ ਮੁਹਾਵਰੇ ਨਾਲ਼ ਸਹਿਣ ਦੀ ਵਧੀਆ ਕੋਸ਼ਿਸ਼ ਕੀਤੀ ਗਈ ਹੈ।