ਆਰਸੀ ‘ਤੇ
ਖ਼ੁਸ਼ਆਮਦੇਦ
ਸਾਹਿਤਕ ਨਾਮ: ਨਿਵੇਦਿਤਾ ਸ਼ਰਮਾ
ਅਜੋਕਾ ਨਿਵਾਸ: ਸੰਗਰੂਰ, ਪੰਜਾਬ
ਆਰਸੀ ਨਾਲ਼ ਸੰਪਰਕ ਸਰੋਤ : ਫੇਸਬੁੱਕ
( Art by Antoine de Villiers )
ਨਜ਼ਮ
ਚਾਰ ਛਿੱਟੇ ਚਾਨਣੀ ਦੇ
ਇੱਕ ਲੱਪ ਬੱਦਲ਼ਾਂ ਦੀ
ਚੁਟਕੀ ਕੁ ਤਾਰਿਆਂ ਨਾ’
ਅੰਬਰ ਸਜਾ ਲਿਆ..
ਸਿੱਲ੍ਹੀ ਸਿੱਲ੍ਹੀ ਅੱਖ ਨਾਲ਼
ਗੀਤ ਮੋਏ ਕੱਲ੍ਹ ਦਾ
ਨਿੰਮ੍ਹਾ ਨਿੰਮ੍ਹਾ ਹੱਸਦੀਆਂ
ਬੁੱਲ੍ਹੀਆਂ ਨੇ ਗਾ ਲਿਆ..
ਕੁਝ ਕੁਝ ਜੱਗ ਉੱਤੇ
ਬੀਤੀਆਂ ਮੁਹੱਬਤਾਂ ਦਾ
ਭੁਰਦੀਆਂ ਨਬਜ਼ਾਂ ਨੇ
ਬੂਰ ਝੋਲੀ ਪਾ ਲਿਆ..
ਜਿਵੇਂ ਕਿਸੇ ਉੱਜੜੇ ਜਿਹੇ
ਘਰ ਦੇ ਬਨੇਰਿਆਂ ਨੇ
ਖੁਰ ਖੁਰ ਡਿੱਗਦਿਆਂ
ਬੂਹਾ ਗਲ਼ ਲਾ ਲਿਆ..
ਡਾਚੀਆਂ ਦੇ ਗਲ਼ਾਂ ਵਿਚ
ਟੱਲੀਆਂ ਤੋਂ ਸੁਣਿਆ
ਆਸ਼ਿਕ਼ ਅਵੇੜਿਆਂ ਨੂੰ
ਊਠਾਂ ਨੇ ਹੰਢਾ ਲਿਆ..
ਦੱਸਿਆ ਹਵਾਵਾਂ ਨੇ ਵੀ
ਖੁਰੇ ਪਿੱਛੇ ਖੁਰਦੀਆਂ
ਕਿੰਨੀਆਂ ਹੀ ਸੱਸੀਆਂ ਨੂੰ
ਥਲਾਂ ਨੇ ਵਰਾ ਲਿਆ..
ਨੇਹੁੰ ਦੀਆਂ ਚਸਕਾਂ ਨੂੰ
ਨਾਮ ਤੇਰਾ ਲੈਂਦਿਆਂ ਵੇ
ਸਗਲੇ ਤੇ ਕੰਗਣ 'ਆਂਗੂੰ
ਰੂਹ ਨਾ’ ਛੁਹਾ ਲਿਆ..
ਵੇਖ ਏਨਾ ਚਸਕਾਂ ਨੇ
ਰੰਗ ਪੀਲ਼ਾ ਝਾੜ ਕੇ
ਆਥਣਾਂ ਦੀ ਲਾਲੀਮਾ ਨੂੰ
ਸਾਹਾਂ 'ਚ ਰਲ਼ਾ ਲਿਆ..
ਯੁੱਗਾਂ ਦੇ ਖੁਗੋਲ ਨੂੰ
ਪਲਾਂ ਦੀਆਂ ਖਿੱਤੀਆਂ 'ਚ
ਸਹਿਜੇ ਹੀ ਸਮੇਟ ਕੇ
ਆਪੇ 'ਚ ਵਸਾ ਲਿਆ
ਜਿੱਥੇ ਜਿੱਥੇ ਘੁੰਗਰੂ ਦੇ
ਨਾਲ ਵੱਜੇ ਇਕਤਾਰਾ
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ..
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ....
ਇੱਕ ਲੱਪ ਬੱਦਲ਼ਾਂ ਦੀ
ਚੁਟਕੀ ਕੁ ਤਾਰਿਆਂ ਨਾ’
ਅੰਬਰ ਸਜਾ ਲਿਆ..
ਸਿੱਲ੍ਹੀ ਸਿੱਲ੍ਹੀ ਅੱਖ ਨਾਲ਼
ਗੀਤ ਮੋਏ ਕੱਲ੍ਹ ਦਾ
ਨਿੰਮ੍ਹਾ ਨਿੰਮ੍ਹਾ ਹੱਸਦੀਆਂ
ਬੁੱਲ੍ਹੀਆਂ ਨੇ ਗਾ ਲਿਆ..
ਕੁਝ ਕੁਝ ਜੱਗ ਉੱਤੇ
ਬੀਤੀਆਂ ਮੁਹੱਬਤਾਂ ਦਾ
ਭੁਰਦੀਆਂ ਨਬਜ਼ਾਂ ਨੇ
ਬੂਰ ਝੋਲੀ ਪਾ ਲਿਆ..
ਜਿਵੇਂ ਕਿਸੇ ਉੱਜੜੇ ਜਿਹੇ
ਘਰ ਦੇ ਬਨੇਰਿਆਂ ਨੇ
ਖੁਰ ਖੁਰ ਡਿੱਗਦਿਆਂ
ਬੂਹਾ ਗਲ਼ ਲਾ ਲਿਆ..
ਡਾਚੀਆਂ ਦੇ ਗਲ਼ਾਂ ਵਿਚ
ਟੱਲੀਆਂ ਤੋਂ ਸੁਣਿਆ
ਆਸ਼ਿਕ਼ ਅਵੇੜਿਆਂ ਨੂੰ
ਊਠਾਂ ਨੇ ਹੰਢਾ ਲਿਆ..
ਦੱਸਿਆ ਹਵਾਵਾਂ ਨੇ ਵੀ
ਖੁਰੇ ਪਿੱਛੇ ਖੁਰਦੀਆਂ
ਕਿੰਨੀਆਂ ਹੀ ਸੱਸੀਆਂ ਨੂੰ
ਥਲਾਂ ਨੇ ਵਰਾ ਲਿਆ..
ਨੇਹੁੰ ਦੀਆਂ ਚਸਕਾਂ ਨੂੰ
ਨਾਮ ਤੇਰਾ ਲੈਂਦਿਆਂ ਵੇ
ਸਗਲੇ ਤੇ ਕੰਗਣ 'ਆਂਗੂੰ
ਰੂਹ ਨਾ’ ਛੁਹਾ ਲਿਆ..
ਵੇਖ ਏਨਾ ਚਸਕਾਂ ਨੇ
ਰੰਗ ਪੀਲ਼ਾ ਝਾੜ ਕੇ
ਆਥਣਾਂ ਦੀ ਲਾਲੀਮਾ ਨੂੰ
ਸਾਹਾਂ 'ਚ ਰਲ਼ਾ ਲਿਆ..
ਯੁੱਗਾਂ ਦੇ ਖੁਗੋਲ ਨੂੰ
ਪਲਾਂ ਦੀਆਂ ਖਿੱਤੀਆਂ 'ਚ
ਸਹਿਜੇ ਹੀ ਸਮੇਟ ਕੇ
ਆਪੇ 'ਚ ਵਸਾ ਲਿਆ
ਜਿੱਥੇ ਜਿੱਥੇ ਘੁੰਗਰੂ ਦੇ
ਨਾਲ ਵੱਜੇ ਇਕਤਾਰਾ
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ..
ਹਰ ਉਸੇ ਪੈੜ ਲਈ ਮੈਂ
ਮਿੱਟੀ ਹੋਣਾ ਪਾ ਲਿਆ....
====
ਅਸੀਂ ਤਿੜਕ ਹੰਢਾਵਣ ਹਾਰੇ !
ਅਸੀਂ ਤਿੜਕ ਹੰਢਾਵਣ ਹਾਰੇ !
ਨਜ਼ਮ
ਨਾਂ ਦਾ ਸਾਂਵਲ ਰੁੱਖ ਸੁਨਹਿਰੀ
ਅੱਲ੍ਹੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾ ਚੋਬਰ ਰਾਗੀਆ ਵੇ
ਪਾ ਜਾ ਸਦਕੇ ਝੋਲ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲ੍ਹਕ ਸੰਵਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਸੁਰਖ਼ ਸਮਾਧੀਆਂ ਵਿੱਚ ਮਲੰਗ
ਦੋ ਜੋਗੀ ਜੋਗ ਧੁਖੇਂਦੇ,
ਨੈਣਾਂ ਦਾ ਸਿੰਗਾਰ ਸੱਜਣ
ਬਸ ਇਸ ਧੂਣੀ ਦੇ ਲੇਖੇ !
ਇੱਕ ਤੜਪ ਸੀ ਧੁਰੋਂ ਮਿਲ਼ੀ
ਕੁਝ ਤਾਂ ਵੀ ਨੈਣਾ ਕਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਚੇਤਿਆਂ ਦੇ ਵਿੱਚ ਘੁਲ਼ਿਆ ਚੇਤਰ
ਨਾ ਤਦ ਪੋਟਿਆਂ ਥਾਣੀਂ ਸਿੰਮੇ,
ਅੰਤਰ ਪੀੜਾ ਦੀ ਖ਼ੁਸ਼ਬੋਈ
ਜਾਲ਼ ਦਵੇ ਜਦ ਸੁਫ਼ਨੇ ਨਿੰਮੇ !
ਜਾਗਦੀਆਂ ਨੀਂਦਾਂ ਦੇ ਟੋਲੇ
ਤੋਂ ਜਾਵਾਂ ਤਾਈਓਂ ਬਲਿਹਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਰਾਤਾਂ ਡਾਹਢੀਆਂ ਕਾਲ਼ੀਆਂ ਚੰਦਰ
ਨਾ ਦਿਨਾਂ 'ਤੇ ਨੂਰ ਚੜ੍ਹੇ,
ਵਾਟਾਂ ਗੁੰਮੀਆਂ ਅਧ ਵਾਟਿਓਂ
ਸੰਗੀ ਸਿਦਕੋਂ ਟੁੱਟ ਝੜੇ !
ਨਾ ਕੋਈ ਦੋਸ਼ੀ ਨਾ ਬੇਗੋਸ਼ੀ
ਆਪ ਹੀ ਸਾਈਂ ਕਰਮਾਂ ਮਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !
ਨਾਂ ਦਾ ਸਾਂਵਲ ਰੁੱਖ ਸੁਨਹਿਰੀ
ਅੱਲੜ ਧੁੱਪਾਂ ਦਾ ਸਿਰਨਾਵਾਂ,
ਮੁੜ ਜਾਹ ਚੋਬਰ ਰਾਹੀਆ ਵੇ
ਪਾ ਜਾ ਸਦਕੇ ਝੋਲ਼ ਬਲਾਵਾਂ !
ਅਰਸ਼ੋਂ ਢੁੱਕ ਢੁੱਕ ਤਾਰਾ ਮੰਡਲ
ਤੇਰੇ ਹੱਥੀਂ ਚਿਲ੍ਹਕ ਸੰਵਾਰੇ,
ਦੂਰ ਖਲੋਅ ਜ਼ਰਾ ਚੋਭ ਤਿੱਖੀ
ਅਸੀਂ ਤਿੜਕ ਹੰਢਾਵਣ ਹਾਰੇ !


1 comment:
ਇਹ ਤਾਂ ਗੀਤਾਂ ਦੀ ਛੱਤਰੀ ਹੇਠਾਂ ਅੱਖਾਂ ਦੇ ਬੂਹੇ ਭੇੜਕੇ ਡੁੱਬਣ ਵਰਗੀ ਗੱਲ ਲੱਗ ਵੀ ਸਕਦੀ ਹੈ ਅਤੇ ਲੱਗਦੀ ਵੀ ਹੈ।
Post a Comment